View Details << Back

ਟਰੰਪ ਦੇ ਬਦਲੇ ਰੁਖ ਦਾ ਕਾਰਨ ਪਰਿਵਾਰ ਦੀ ਕੰਪਨੀ ਦਾ ਪਾਕਿ ਨਾਲ ਸਮਝੌਤਾ ਤਾਂ ਨਹੀਂ? ਪਹਿਲਗਾਮ ਅੱਤਵਾਦੀ ਹਮਲੇ ਦੇ ਪੰਜ ਦਿਨਾਂ ਬਾਅਦ ਹੋਈ ਸੀ ਕ੍ਰਿਪਟੋ ਡੀਲ

  ਆਪ੍ਰੇਸ਼ਨ ਸਿੰਦੂਰ ਰੁਕਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਪ੍ਰਸ਼ੰਸਾ ਕਰ ਕੇ ਭਾਰਤ ਸਮੇਤ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਅਣਕਿਆਸੀ ਪ੍ਰਸ਼ੰਸਾ ਪਿਛਲੇ ਕਾਰਨਾਂ ਵਿਚੋਂ ਇਕ ਵੱਡਾ ਕਾਰਨ ਟਰੰਪ ਪਰਿਵਾਰ ਦੀ ਹਿੱਸੇਦਾਰੀ ਵਾਲੀ ਕ੍ਰਿਪਟੋ ਕਰੰਸੀ ਕੰਪਨੀ ਵਰਲਡ ਲਿਬਰਟੀ ਫਾਇਨੈਂਸ਼ੀਅਲ (ਡਬਲਯੂਐੱਲਐੱਫ) ਦਾ ਪਾਕਿਸਤਾਨ ਕ੍ਰਿਪਟੋ ਕੌਂਸਲ (ਪੀਸੀਸੀ) ਨਾਲ ਹੋਇਆ ਸਮਝੌਤਾ ਮੰਨਿਆ ਜਾ ਰਿਹਾ ਹੈ। ਇਹ ਸਮਝੌਤਾ ਪਹਿਲਗਾਮ ਅੱਤਵਾਦੀ ਹਮਲੇ ਦੇ ਪੰਜ ਦਿਨਾਂ ਬਾਅਦ 27 ਅਪ੍ਰੈਲ ਨੂੰ ਇਸਲਾਮਾਬਾਦ ਵਿਚ ਹੋਇਆ।

ਡਬਲਯੂਐੱਲਐੱਫ ਵਿਚ ਟਰੰਪ ਦੇ ਪੁੱਤਰਾਂ ਐਰਿਕ ਤੇ ਡੋਨਾਲਡ ਜੂਨੀਅਰ ਦੀ ਹਿੱਸੇਦਾਰੀ ਹੈ। ਕੰਪਨੀ ਦੇ ਸਹਿ-ਸੰਸਥਾਪਕਾਂ ਵਿਚੋਂ ਇਕ ਜੈਕ ਵਿਟਕਾਫ ਹਨ। ਉਹ ਸਟੀਵ ਵਿਟਕਾਫ ਦੇ ਪੁੱਤਰ ਹਨ ਜੋ ਟਰੰਪ ਦੇ ਖਾਸ ਸਲਾਹਕਾਰ ਤੇ ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਹਨ। ਉਨ੍ਹਾਂ ਨੇ ਹਾਲ ਹੀ ਵਿਚ ਹਮਾਸ ਤੋਂ ਇਕ ਅਮਰੀਕੀ ਬੰਧਕ ਨੂੰ ਛੁਡਵਾਇਆ ਸੀ। ਟਰੰਪ ਲਈ ਸਟੀਵ ਕਿੰਨੇ ਖਾਸ ਹਨ, ਇਹ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਟੀਵ ਦੇ ਦੂਜੇ ਪੁੱਤਰ ਐਲੈਕਸ ਵਿਟਕਾਫ ਨੂੰ ਇਸੇ ਦਿਨ 2 ਮਈ ਨੂੰ ਯੂਐੱਸ ਹੋਲੋਕਾਸਟ ਮੈਮੋਰੀਅਲ ਕੌਂਸਲ ਵਿਚ ਨਿਯੁਕਤ ਕੀਤਾ ਹੈ।

ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਪੀਸੀਸੀ ਦਾ ਸੀਈਓ ਬਿਲਾਲ ਬਿਨ ਸਾਕਿਬ ਹੈ। ਪੀਸੀਸੀ ਹਾਲ ਹੀ ਵਿਚ ਸਥਾਪਿਤ ਕੀਤੀ ਗਈ ਕੰਪਨੀ ਹੈ। ਡਬਲਯੂਐੱਲਐੱਫ ਵੀ 2024 ਵਿਚ ਸਥਾਪਿਤ ਹੋਈ ਤੇ ਇਸ ਵਿਚ ਟਰੰਪ ਪਰਿਵਾਰ ਦੀ ਹਿੱਸੇਦਾਰੀ 60 ਫ਼ੀਸਦੀ ਹੈ। ਬਿਲਾਲ ਨੂੰ ਇਸ ਸਾਲ 20 ਮਾਰਚ ਨੂੰ ਪਾਕਿਸਤਾਨ ਵਿੱਤ ਮੰਤਰਾਲੇ ਦਾ ਸਲਾਹਕਾਰ ਬਣਾਇਆ ਗਿਆ ਸੀ। ਪੀਸੀਸੀ ਨਾਲ ਸਮਝੌਤੇ ਤੋਂ ਪਹਿਲਾਂ ਡਬਲਯੂਐੱਲਐੱਫ ਨੇ ਵੀ ਬਿਲਾਲ ਨੂੰ ਆਪਣਾ ਸਲਾਹਕਾਰ ਬਣਾਉਣ ਦਾ ਐਲਾਨ 15 ਅਪ੍ਰੈਲ ਨੂੰ ਐਕਸ ’ਤੇ ਇਕ ਪੋਸਟ ਰਾਹੀਂ ਕੀਤਾ ਸੀ।
  ਖਾਸ ਖਬਰਾਂ