View Details << Back

ਪਾਣੀ ਦੀ ਕਿੱਲਤ ਕਾਰਨ ਵਿਲਕਦਾ ਪਾਕਿਸਤਾਨ ਹੁਣ ਜਲ-ਮੰਥਨ ’ਚ ਲੱਗਾ, ਖੋਜੀਆਂ ਦੇ ਸਲਾਹ-ਮਸ਼ਵਰੇ ਨਾਲ ਸੰਕਟ ’ਚੋਂ ਨਿਕਲਣ ਦੀ ਕਰ ਰਿਹਾ ਕੋਸ਼ਿਸ਼

  ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਨਤੀਜੇ ਵਜੋਂ ਪਾਣੀ ਦੀ ਭਾਰੀ ਕਿੱਲਤ ਕਾਰਨ ਵਿਲਕਦਾ ਪਾਕਿਸਤਾਨ ਹੁਣ ਮੌਜੂਦਾ ਸਥਿਤੀ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਲ-ਮੰਥਨ ਵਿਚ ਲੱਗਾ ਹੈ। ਭਾਰਤ ਨਾਲ ਹੋਏ ਹਾਲੀਆ ਸੰਘਰਸ਼ ’ਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਗੁਆਂਢੀ ਦੇਸ਼ ਆਪਣੇ ਖੋਜੀਆਂ ਦੇ ਸਲਾਹ-ਮਸ਼ਵਰੇ ਨਾਲ ਪਾਣੀ ਦੇ ਸੰਕਟ ’ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।

‘ਡਾਨ’ ਦੀ ਰਿਪੋਰਟ ਮੁਤਾਬਕ, ਇਸ ਸਬੰਧੀ ਕਰਾਚੀ ਵਿਚ ਪਾਕਿਸਤਾਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰਜ਼ (ਪੀਆਈਆਈਏ) ਨੇ ‘ਭਾਰਤ-ਪਾਕਿ ਸੰਘਰਸ਼’ ਬਾਰੇ ਇਕ ਸੈਮੀਨਾਰ ਕਰਵਾਇਆ। ਪੀਆਈਆਈਏ ਦੀ ਪ੍ਰਧਾਨ ਡਾ. ਮਾਸੂਮਾ ਹਸਨ ਨੇ ਕਿਹਾ ਕਿ ‘ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 1960 ਦੀ ਸਿੰਧੂ ਜਲ ਸੰਧੀ ਤੇ ਪਾਕਿਸਤਾਨ ਨੇ 1972 ਦੇ ਸ਼ਿਮਲੇ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ। ਹਾਲੀਆ ਸੰਘਰਸ਼ ਬਾਰੇ ਹਰ ਵਰਗ, ਖਾਸ ਕਰ ਕੇ ਨੌਜਵਾਨਾਂ ਦੀਆਂ ਆਵਾਜ਼ਾਂ ਸੁਣਨ ਦੀ ਲੋੜ ਹੈ। ਇਸ ਲਈ ਅਸੀਂ ਆਪਣੇ ਸ਼ੋਧ ਸਹਾਇਕਾਂ ਨੂੰ ਵਿਚਾਰ-ਚਰਚਾ ਲਈ ਬੁਲਾਉਣ ਦਾ ਫੈਸਲਾ ਕੀਤਾ। ਇਸ ਵਿਚ ਮੁਹੰਮਦ ਉਸਮਾਨ, ਸੈਯਦਾ ਮਲੀਹਾ ਸੇਹਰ, ਸਫਾ ਰਹਿਮਤ, ਸਈਅਦ ਸ਼ਹਿਰਯਾਰ ਸ਼ਾਹ, ਆਸਿਫ ਅਲੀ ਤੇ ਸਾਦ ਅਸਦ ਬਰੋਹੀ ਵਰਗੇ ਮਸ਼ਹੂਰ ਸ਼ੋਧ ਸਹਾਇਕ ਸ਼ਾਮਲ ਹੋਏ।’

ਮੁਹੰਮਦ ਉਸਮਾਨ ਨੇ ‘ਜਲ ਸੰਪਦਾ ਤੇ ਸਰੋਤ’ ਵਿਸ਼ੇ ’ਤੇ ਇਕ ਸ਼ੋਧ ਪੱਤਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਲਈ ਪਾਣੀ ਦਾ ਪ੍ਰਵਾਹ ਰੋਕ ਦਿੰਦਾ ਹੈ ਤਾਂ ਇਸ ਨਾਲ ਉਸ ਦੇ ਆਪਣੇ ਉੱਪਰਲੇ ਇਲਾਕਿਆਂ ਵਿਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਪਰ ਜੇ ਉਹ ਸੁੱਕੇ ਮੌਸਮ ਦੌਰਾਨ ਸਾਡਾ ਪਾਣੀ ਰੋਕ ਦਿੰਦੇ ਹਨ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪਾਣੀ ਦਾ ਪ੍ਰਵਾਹ ਘਟਦਾ ਹੈ ਤੇ ਸਟੋਰੇਜ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਹ ਸਾਡੇ ਕਿਸਾਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਘੱਟ ਉਤਪਾਦਨ ਹੋ ਸਕਦਾ ਹੈ।’
  ਖਾਸ ਖਬਰਾਂ