View Details << Back

ਹੋਰਨਾਂ ਗੁਰਦੁਆਰਿਆਂ ਤੋਂ ਗੁਰਬਾਣੀ ਪ੍ਰਸਾਰਣ ’ਤੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਲਈ ਪੀਟੀਸੀ ਦੇ ਐੱਮਡੀ ਨੇ ਜਥੇਦਾਰ ਨੂੰ ਲਿਖਿਆ ਪੱਤਰ

  ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੀਟੀਸੀ ਨੈੱਟਵਰਕ ਤੇ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣਨ ਨੇ ਤਕਨੀਕੀ ਯੁੱਗ ਦੀ ਵਰਤੋਂ ਕਰ ਕੇ ਹੋਰਨਾਂ ਗੁਰਦੁਆਰਿਆਂ ਤੋਂ ਗੁਰਬਾਣੀ ਪ੍ਰਸਾਰਣ ’ਤੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਦੀ ਮੰਗ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਕਰ ਰਹੇ ਪੀਟੀਸੀ ’ਤੇ ਵਪਾਰੀਕਰਨ ਦੇ ਲੱਗ ਰਹੇ ਦੋਸ਼ਾਂ ਤੋਂ ਬਾਅਦ ਹੁਣ ਪੀਟੀਸੀ ਦੇ ਐੱਮਡੀ ਨੇ ਵੀ ਜਥੇਦਾਰ ਨੂੰ ਪੱਤਰ ਲਿਖ ਕੇ ਬਾਕੀ ਚੈਨਲਾਂ ’ਤੇ ਹੋ ਰਹੇ ਗੁਰਬਾਣੀ ਪ੍ਰਸਾਰਣ ਦਾ ਖਾਕਾ ਚਿੱਠਾ ਤਿਆਰ ਕਰ ਕੇ ਭੇਜ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਕੁਝ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰ ਕੇ ਪੈਸਾ ਕਮਾਉਣ ਦੀ ਹੋੜ ਵਿਚ ਲੱਗੇ ਹੋਏ ਹਨ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਪ੍ਰਸਾਰਿਤ ਹੋ ਰਹੀ ਗੁਰਬਾਣੀ ਦੇ ਉੱਪਰ ਮਸ਼ਹੂਰੀ ਵੀ ਚੱਲਦੀ ਹੈ, ਸਪਾਂਸਰਸ਼ਿਪ ਵੀ ਲਈ ਜਾਂਦੀ ਹੈ ਅਤੇ ਸੰਗਤ ਨੂੰ ਮਾਇਆ ਭੇਜਣ ਦੀ ਤਾਕੀਦ ਵੀ ਕੀਤੀ ਜਾਂਦੀ ਹੈ।

ਇਸੇ ਤਰ੍ਹਾਂ ਸ੍ਰੀ ਪਟਨਾ ਸਾਹਿਬ ਦੇ ਗੁਰਬਾਣੀ ਪ੍ਰਸਾਰਣ ’ਤੇ ਵੀ ਸਕਰੋਲ ਅਤੇ ਸਪਾਂਸਰਸ਼ਿਪ ਚੱਲਦੇ ਹਨ। ਉਨ੍ਹਾਂ ਜਥੇਦਾਰ ਨੂੰ ਲਿਖਿਆ ਕਿ ਗੁਰਬਾਣੀ ਇੱਕੋ ਹੈ, ਇੱਕੋ ਗੁਰੂ ਹੈ, ਭਾਵੇਂ ਕਿਸੇ ਗੁਰੂ ਘਰ ਤੋਂ ਪ੍ਰਸਾਰਿਤ ਹੋਵੇ। ਬੇਨਤੀ ਹੈ ਕਿ ਗੁਰਬਾਣੀ ਪ੍ਰਸਾਰਣ ਕਿਸੇ ਵੀ ਗੁਰੂ ਘਰ ਤੋਂ ਹੋਵੇ, ਉੱਥੇ ਉਸ ਦੀ ਦੁਰਵਰਤੋਂ, ਕਿਸੇ ਤਰ੍ਹਾਂ ਵੀ ਸਪਾਂਸਰਸ਼ਿਪ ਜਾਂ ਸੰਗਤ ਕੋਲੋਂ ਮਾਇਆ ਮੰਗਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਕੌਮ ਇਕ ਹੈ ਅਤੇ ਤੁਸੀਂ ਸਾਰੀ ਕੌਮ ਦੀ ਅਗਵਾਈ ਕਰ ਰਹੇ ਹੋ ਨਾ ਕਿ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ। ਤੁਹਾਡੇ ਵੱਲੋਂ ਕੌਮ ਲਈ, ਚੈਨਲਾਂ ਲਈ, ਕਮੇਟੀਆਂ ਲਈ, ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਕਿਸੇ ਗੁਰੂ ਘਰ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਨਾ ਤਾਂ ਕੋਈ ਸਪਾਂਸਰਸ਼ਿਪ ਲਈ ਜਾਵੇ, ਨਾ ਹੀ ਕਿਸੇ ਗੁਰੂ ਘਰ ਜਾਂ ਸੰਗਤ ਕੋਲੋਂ ਮਾਇਆ ਮੰਗੀ ਜਾਵੇ। ਜਿਹੜੀ ਵੀ ਮਾਇਆ ਗੁਰੂ ਦੇ ਨਾਂ ’ਤੇ ਇਕੱਠੀ ਕੀਤੀ ਗਈ, ਉਹ ਤੁਰੰਤ ਗੁਰੂ ਦੀ ਗੋਲਕ ਵਿਚ ਉਨ੍ਹਾਂ ਅਦਾਰਿਆਂ ਵੱਲੋਂ ਜਮ੍ਹਾਂ ਕਰਵਾਈ ਜਾਵੇ। ਗੁਰਬਾਈ ਵੇਚਣ ਦੀ ਚੀਜ਼ ਨਹੀਂ, ਇਸ ਲਈ ਜਿਨ੍ਹਾਂ ਨੇ ਵੀ ਵੇਚੀ, ਉਨ੍ਹਾਂ ਵੱਲੋਂ ਸਾਰੀ ਮਾਇਆ ਗੁਰੂ ਦੀ ਗੋਲਕ ਵਿਚ ਜਮ੍ਹਾ ਕੀਤੀ ਜਾਵੇ।
  ਖਾਸ ਖਬਰਾਂ