View Details << Back

ਬ੍ਰਿਟੇਨ ਨੇ ਪਾਬੰਦੀਆਂ ਤੋਂ ਬਚਣ ਲਈ ਰੂਸ ਨੂੰ ਦਿੱਤਾ ਅਹਿਮ 'ਸੁਝਾਅ'

  ਯੂਕ੍ਰੇਨ 'ਤੇ ਫ਼ੌਜੀ ਕਾਰਵਾਈ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਨੂੰ ਬ੍ਰਿਟੇਨ ਨੇ ਇਨ੍ਹਾਂ ਪਾਬੰਦੀਆਂ ਤੋਂ ਬਚਣ ਦਾ ਉਪਾਅ ਦੱਸਿਆ ਹੈ।ਬ੍ਰਿਟੇਨ ਨੇ ਕਿਹਾ ਹੈ ਕਿ ਜੇਕਰ ਰੂਸ ਯੂਕ੍ਰੇਨ ਤੋਂ ਆਪਣੀਆਂ ਫ਼ੌਜਾਂ ਨੂੰ ਹਟਾ ਲੈਂਦਾ ਹੈ ਤਾਂ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਐਤਵਾਰ ਨੂੰ ਟੈਲੀਗ੍ਰਾਫ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਯੂਕ੍ਰੇਨ ਤੋਂ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਹੀ ਰੂਸ ਖ਼ਿਲਾਫ਼ ਪਾਬੰਦੀਆਂ ਹਟਾਈਆਂ ਜਾਣਗੀਆਂ। ਜੇਕਰ ਰੂਸ ਅਜਿਹਾ ਕਰਦਾ ਹੈ ਤਾਂ ਉਸ ਨੂੰ ਭਵਿੱਖ ਵਿਚ ਵੀ ਅਜਿਹੀ ਕੋਈ ਕਾਰਵਾਈ ਨਾ ਕਰਨ ਦੀ ਵਚਨਬੱਧਤਾ ਦਿਖਾਉਣੀ ਪਵੇਗੀ, ਨਹੀਂ ਤਾਂ ਉਸ ਨੂੰ ਮੁੜ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਵਪਾਰਕ ਅਦਾਰਿਆਂ 'ਤੇ ਪਾਬੰਦੀਆਂ ਲਾਈਆਂ ਜਾਣਗੀਆਂ।
ਬੀਬੀਸੀ ਮੁਤਾਬਕ ਹੁਣ ਤੱਕ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਨੇ 1000 ਤੋਂ ਵੱਧ ਰੂਸੀ ਨਾਗਰਿਕਾਂ ਅਤੇ ਵਪਾਰਕ ਅਦਾਰਿਆਂ ਖ਼ਿਲਾਫ਼ ਪਾਬੰਦੀਆਂ ਲਗਾਈਆਂ ਹਨ।ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ ਜੇਕਰ ਰੂਸ ਗੱਲਬਾਤ ਨੂੰ ਲੈ ਕੇ ਗੰਭੀਰਤਾ ਦਿਖਾਉਂਦਾ ਹੈ ਤਾਂ ਯੂਕ੍ਰੇਨ ਵੀ ਇਸ ਦੇ ਲਈ ਤਿਆਰ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਹਾਲੇ ਦੋਵੇਂ ਵਾਰਤਾ ਲਈ ਤਿਆਰ ਹਨ, ਇਸ ਲਈ ਹੁਣ ਪਾਬੰਦੀਆਂ ਸਖ਼ਤ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ 2014 ਵਿੱਚ ਹੋਰ ਵੀ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਸਨ ਜਦੋਂ ਉਹਨਾਂ ਨੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ।
  ਖਾਸ ਖਬਰਾਂ