View Details << Back

ਭਾਰਤ ਸੁਰੱਖਿਅਤ ਪੁਲਾੜ ਖੇਤਰ ਦਾ ਹਮਾਇਤੀ: Narendra Modi

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕੌਮਾਂਤਰੀ ਕਾਨੂੰਨ ’ਤੇ ਆਧਾਰਿਤ ਸੁਰੱਖਿਅਤ ਅਤੇ ਸਥਾਈ ਪੁਲਾੜ ਖੇਤਰ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ, ‘‘ਪੁਲਾੜ ਦੀਆਂ ਸੰਭਾਵਨਾਵਾਂ ਬੇਅੰਤ ਹਨ ਅਤੇ ਸਾਡੀ ਜ਼ਿੰਮੇਵਾਰੀ ਸਮੂਹਿਕ ਹੈ।’’ ਪੈਰਿਸ ’ਚ ਚੱਲ ਰਹੇ ਪਹਿਲੇ ਕੌਮਾਂਤਰੀ ਪੁਲਾੜ ਸਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਸਰੋ ਦੀਆਂ ਤਕਨਾਲੋਜੀਆਂ ਅਤੇ ਭਾਈਵਾਲੀਆਂ ਭਾਰਤ ਸਮੇਤ ਸਮੁੱਚੀ ਦੁਨੀਆ ਦਾ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਫਰਾਂਸ ਅਤੇ ਹੋਰ ਮੁਲਕਾਂ ਨੂੰ ਭਾਰਤ ਦੇ ਅਗਲੀ ਪੀੜ੍ਹੀ ਦੀ ਪੁਲਾੜ ਖੋਜ ’ਚ ‘ਸਹਿ-ਯਾਤਰੀ’ ਬਣਨ ਦਾ ਵੀ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਨਜ਼ਰੀਆ ‘ਵਸੂਧੈਵ ਕੁਟੁੰਬਕਮ’ ਭਾਵ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੀ ਭਾਵਨਾ ’ਤੇ ਆਧਾਰਿਤ ਹੈ ਅਤੇ ਇਹੋ ਭਾਵਨਾ ਧਰਤੀ ਤੋਂ ਅੱਗੇ ਪੁਲਾੜ ਤੱਕ ਵੀ ਪਹੁੰਚਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਦੁਨੀਆ ਦੇ ਇਸ ਭਰੋਸੇ ਪਿੱਛੇ ਭਾਰਤੀ ਵਿਗਿਆਨੀਆਂ, ਇੰਜਨੀਅਰਾਂ ਅਤੇ ਤਕਨੀਸ਼ੀਅਨਾਂ ਦੀਆਂ ਕਈ ਪੀੜ੍ਹੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਹੈ ਜਿਨ੍ਹਾਂ ਦਿਨ-ਰਾਤ ਕੰਮ ਕਰਦਿਆਂ ਇਸਰੋ ਦਾ ਰੁਤਬਾ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਰਾਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਪੁੱਜਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇੱਕ ਭਾਰਤੀ ਪੁਲਾੜ ਯਾਤਰੀ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦਾ ਦੌਰਾ ਕੀਤਾ। ਉਨ੍ਹਾਂ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦਾ ਸਿਖਰ ਸੰਮੇਲਨ ’ਚ ਸੱਦਾ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੈਰਿਸ ’ਚ ਪੁਲਾੜ ਸਿਖਰ ਸੰਮੇਲਨ ਦਾ ਸਪੱਸ਼ਟ ਸੁਨੇਹਾ ਹੋਣਾ ਚਾਹੀਦਾ ਹੈ ਕਿ ਸਾਰੀ ਮਨੁੱਖਤਾ ਦੀ ਭਲਾਈ ਲਈ ਰਲ ਕੇ ਖੋਜਾਂ ਕੀਤੀਆਂ ਜਾਣ ਅਤੇ ਪੁਲਾੜ ਨੂੰ ਸੁਰੱਖਿਅਤ ਬਣਾਇਆ ਜਾਵੇ।
  ਖਾਸ ਖਬਰਾਂ