View Details << Back

BRICS Summit 2026: PM Modi ਨੇ ਰੂਸੀ ਰਾਸ਼ਟਰਪਤੀ Putin ਨਾਲ ਕੀਤੀ ਦੁਵੱਲੀ ਗੱਲਬਾਤ; 2030 ਤੱਕ 100 ਅਰਬ ਡਾਲਰ ਦੇ ਵਪਾਰਕ ਟੀਚੇ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਅੱਜ ਨਵੀਂ ਦਿੱਲੀ ਵਿੱਚ ਅਧਿਕਾਰਤ ਗੱਲਬਾਤ ਹੋਈ ਹੈ। ਇਸ ਉੱਚ-ਪੱਧਰੀ ਬੈਠਕ ਦੌਰਾਨ ਸਾਲ 2030 ਤੱਕ 100 ਅਰਬ ਡਾਲਰ ਦੇ ਦੁਵੱਲੇ ਵਪਾਰਕ ਟੀਚੇ ਨੂੰ ਹਾਸਲ ਕਰਨ, ਉਦਯੋਗਿਕ ਸਹਿਯੋਗ ਨੂੰ ਵਧਾਉਣ ਅਤੇ ਸਿਵਲ ਪ੍ਰਮਾਣੂ ਭਾਈਵਾਲੀ ਜਿਹੇ ਮੁੱਖ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਭਾਰਤ ਮੰਡਪਮ ਵਿਖੇ ਹੋਈ ਇਹ ਮੁਲਾਕਾਤ 18ਵੇਂ ਬ੍ਰਿਕਸ ਸੰਮੇਲਨ ਤੋਂ ਠੀਕ ਇੱਕ ਦਿਨ ਪਹਿਲਾਂ ਹੋਈ ਹੈ।

ਇਹ ਗੱਲਬਾਤ ਅਜਿਹੇ ਮਾਹੌਲ ਵਿੱਚ ਹੋਈ ਹੈ ਜਦੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਅਤੇ ਪੱਛਮੀ ਦੇਸ਼ਾਂ ਦੇ ਵਧ ਰਹੇ ਦਬਾਅ ਦੇ ਬਾਵਜੂਦ ਭਾਰਤ ਰੂਸ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਸ ਮੌਕੇ ਭਾਰਤੀ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੂਤਿਨ ਨੂੰ ਮਹਾਨ ਤਾਮਿਲ ਕਵੀ ਅਤੇ ਦਾਰਸ਼ਨਿਕ ਤਿਰੂਵੱਲੁਵਰ ਦੀ ਪ੍ਰਸਿੱਧ ਰਚਨਾ 'ਤਿਰੂੱਕੁਰਲ' ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਤੋਹਫ਼ੇ ਵਜੋਂ ਭੇਟ ਕੀਤਾ। 1,330 ਦੋਹਿਆਂ ਵਿੱਚ ਰਚੀ ਗਈ ਇਹ ਪੁਸਤਕ ਨੈਤਿਕਤਾ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਭਾਰਤ ਮੰਡਪਮ ਵਿਖੇ ਸ਼ਨਿੱਚਰਵਾਰ ਨੂੰ ਹੋਣ ਵਾਲੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੀਟਿੰਗ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇਗੀ। ਸਾਲ 2020 ਦੀਆਂ ਸਰਹੱਦੀ ਘਟਨਾਵਾਂ ਤੋਂ ਬਾਅਦ ਸੱਤ ਸਾਲਾਂ ਵਿੱਚ ਸ਼ੀ ਦੀ ਇਹ ਪਹਿਲੀ ਭਾਰਤ ਫੇਰੀ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਘਟਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਰੂਸ-ਯੂਕਰੇਨ ਯੁੱਧ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਭਾਰਤ ਮਾਸਕੋ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਨਿਭਾ ਰਿਹਾ ਹੈ। ਇਸ ਸੰਮੇਲਨ ਵਿੱਚ 11 ਮੈਂਬਰ ਦੇਸ਼—ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਸੰਯੁਕਤ ਅਰਬ ਅਮੀਰਾਤ, ਇੰਡੋਨੇਸ਼ੀਆ ਅਤੇ ਭਾਰਤ ਸ਼ਾਮਲ ਹਨ। ਭਾਰਤ ਨੇ ਬ੍ਰਿਕਸ ਨੂੰ ਕਿਸੇ ਪੱਛਮੀ ਵਿਰੋਧੀ ਬਲਾਕ ਦੀ ਬਜਾਏ 'ਗਲੋਬਲ ਸਾਊਥ' ਦੀ ਮਜ਼ਬੂਤ ਆਵਾਜ਼ ਵਜੋਂ ਪੇਸ਼ ਕੀਤਾ ਹੈ।

ਇਸ ਤਿੰਨ ਦਿਨਾਂ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਈ ਵਿਸ਼ਵ ਆਗੂਆਂ ਨਾਲ ਮੀਟਿੰਗਾਂ ਕਰਨਗੇ। ਸ਼ਨਿੱਚਰਵਾਰ ਨੂੰ ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨਹ ਹੰਗ ਨੂੰ ਮਿਲਣਗੇ। ਇਸੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਇਰਾਨੀ ਰਾਸ਼ਟਰਪਤੀ ਨਾਲ ਵੱਖਰੀ ਮੁਲਾਕਾਤ ਕਰਨਗੇ।

ਐਤਵਾਰ ਨੂੰ ਪ੍ਰਧਾਨ ਮੰਤਰੀ ਕਜ਼ਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਬੁਰੂੰਡੀ, ਨਾਈਜੀਰੀਆ ਅਤੇ ਯੂਗਾਂਡਾ ਦੇ ਉੱਚ ਆਗੂਆਂ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। ਇਹ ਸੰਘਣਾ ਪ੍ਰੋਗਰਾਮ ਭਾਰਤ ਦੀਆਂ ਆਰਥਿਕ, ਰਣਨੀਤਕ ਅਤੇ ਕੂਟਨੀਤਕ ਤਰਜੀਹਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
  ਖਾਸ ਖਬਰਾਂ