View Details << Back

ਚੀਨ 'ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ 'ਚ ਮੁੜ ਲੱਗੀ 'ਤਾਲਾਬੰਦੀ'

  ਚੀਨ ਵਿਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿਚ 2.6 ਕਰੋੜ ਲੋਕ ਤਾਲਾਬੰਦੀ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ। ਸ਼ੰਘਾਈ ਸ਼ਹਿਰ 'ਚ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਚੀਨ ਦੀ ਸਰਕਾਰ ਨੇ ਤਾਲਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਐਤਵਾਰ ਨੂੰ ਸ਼ੰਘਾਈ 'ਚ ਕੋਰੋਨਾ ਦੇ 3,450 ਮਾਮਲੇ ਸਾਹਮਣੇ ਆਏ, ਜੋ ਦੇਸ਼ ਦੇ ਕੁੱਲ ਮਾਮਲਿਆਂ ਦਾ 70 ਫੀਸਦੀ ਹੈ। ਇਸ ਤਾਲਾਬੰਦੀ ਤਹਿਤ ਅਗਲੇ 9 ਦਿਨਾਂ ਤੱਕ ਸ਼ੰਘਾਈ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਉਸ ਤੋਂ ਬਾਅਦ ਵੱਡੇ ਪੱਧਰ 'ਤੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ।
ਸ਼ੰਘਾਈ ਦੇ ਵਿੱਤੀ ਜ਼ਿਲ੍ਹੇ ਪੁਡੋਂਗ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤਾਲਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਤਾਲਾਬੰਦੀ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ, ਜਿਸ ਦੇ ਤਹਿਤ ਸ਼ੁੱਕਰਵਾਰ ਤੋਂ ਹੁਆਂਗਪੂ ਨਦੀ ਦੇ ਹੇਠਲੇ ਖੇਤਰ 'ਚ ਤਾਲਾਬੰਦੀ ਸ਼ੁਰੂ ਹੋਵੇਗੀ। ਚੀਨ ਦੇ ਇਸ ਫ਼ੈਸਲੇ ਦਾ ਦੇਸ਼ ਦੀ ਆਰਥਿਕ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਚੈੱਕਪੁਆਇੰਟ 'ਤੇ ਸਮਾਨ ਰੱਖਿਆ ਜਾਵੇਗਾ ਤਾਂ ਜੋ ਕੋਈ ਕਿਸੇ ਨਾਲ ਸੰਪਰਕ ਨਾ ਕਰ ਸਕੇ।
ਕੋਰੋਨਾ ਦੇ ਰਿਕਾਰਡ ਮਾਮਲੇ ਆਏ ਸਾਹਮਣੇ
ਤਾਲਾਬੰਦੀ ਦੌਰਾਨ ਜਿਹੜੇ ਵੀ ਦਫ਼ਤਰ ਜ਼ਰੂਰੀ ਨਹੀਂ ਹਨ, ਉਹ ਬੰਦ ਰਹਿਣਗੇ। ਨਾਲ ਹੀ ਜਨਤਕ ਆਵਾਜਾਈ ਵੀ ਬੰਦ ਰਹੇਗੀ। ਚੀਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਸ਼ੰਘਾਈ ਸ਼ਹਿਰ ਦੇ ਕਈ ਇਲਾਕਿਆਂ 'ਚ ਪਹਿਲਾਂ ਹੀ ਤਾਲਾਬੰਦੀ ਲਾਗੂ ਹੈ। ਇਨ੍ਹਾਂ ਖੇਤਰਾਂ ਵਿੱਚ ਸਥਾਨਕ ਲੋਕਾਂ ਨੂੰ ਕਈ ਵਾਰ ਕੋਰੋਨਾ ਟੈਸਟ ਕਰਵਾ ਕੇ ਆਪਣੀ ਰਿਪੋਰਟ ਦੇਣੀ ਪੈਂਦੀ ਹੈ। ਇਸ ਤੋਂ ਪਹਿਲਾਂ ਸ਼ੰਘਾਈ ਵਿੱਚ ਡਿਜ਼ਨੀ ਥੀਮ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮਹੀਨੇ ਚੀਨ ਵਿੱਚ 56 ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
  ਖਾਸ ਖਬਰਾਂ