View Details << Back

ਅਮਰੀਕਾ ਨੇ 15 ਸਾਲ ਦੀ ਸੁਰੱਖਿਆ ਗਾਰੰਟੀ ਦਿੱਤੀ: ਜ਼ੇਲੈਂਸਕੀ

  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਅਮਰੀਕਾ ਨੇ ਤਜਵੀਜ਼ ਕੀਤੀ ਸ਼ਾਂਤੀ ਯੋਜਨਾ ਤਹਿਤ ਯੂਕਰੇਨ ਨੂੰ 15 ਸਾਲ ਲਈ ਸੁਰੱਖਿਆ ਗਾਰੰਟੀ ਦੀ ਪੇਸ਼ਕਸ਼ ਕੀਤੀ ਹੈ ਪਰ ਉਹ ਆਪਣੀ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਦੀਆਂ ਰੂਸ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ 50 ਸਾਲ ਤੱਕ ਦੀ ਅਮਰੀਕੀ ਵਚਨਬੱਧਤਾ ਨੂੰ ਤਰਜੀਹ ਦੇਣਗੇ। ਉਨ੍ਹਾਂ ਇਹ ਗੱਲ ਫਲੋਰਿਡਾ ਰਿਜ਼ੌਰਟ ’ਚ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਹੀ ਜਿਸ ’ਚ ਸ੍ਰੀ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਤੇ ਰੂਸ ਸ਼ਾਂਤੀ ਸਮਝੌਤੇ ਦੇ ‘ਪਹਿਲਾਂ ਨਾਲੋਂ ਕਿਤੇ ਵੱਧ ਕਰੀਬ’ ਹਨ।

ਸ੍ਰੀ ਜ਼ੇਲੈਂਸਕੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸਲ ਸੁਰੱਖਿਆ ਗਾਰੰਟੀਆਂ ਤੋਂ ਬਿਨਾਂ ਇਹ ਜੰਗ ਖਤਮ ਨਹੀਂ ਹੋਵੇਗੀ।’’ ਸੁਰੱਖਿਆ ਗਾਰੰਟੀ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਜ਼ੇਲੈਂਸਕੀ ਨੇ ਕਿਹਾ ਕਿ ਇਸ ’ਚ ਸ਼ਾਂਤੀ ਸਮਝੌਤੇ ਦੀ ਨਿਗਰਾਨੀ ਤੇ ਭਾਈਵਾਲਾਂ ਦੀ ਸ਼ਮੂਲੀਅਤ ਵੀ ਸ਼ਾਮਲ ਹੈ। ਦੂਜੇ ਪਾਸੇ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇੜ ਭਵਿੱਖ ’ਚ ਗੱਲਬਾਤ ਕਰ ਸਕਦੇ ਹਨ ਪਰ ਰੂਸੀ ਆਗੂ ਵੱਲੋਂ ਜ਼ੇਲੈਂਸਕੀ ਨਾਲ ਗੱਲਬਾਤ ਕੀਤੇ ਜਾਣ ਦਾ ਕੋਈ ਸੰਕੇਤ ਨਹੀਂ ਹੈ।
  ਖਾਸ ਖਬਰਾਂ