View Details << Back

ਦੁਨੀਆ ਭਰ ’ਚ ਭਾਰਤੀ ਉਤਪਾਦਾਂ ਦੀ ਮੰਗ ਵਧੀ: ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸ ਵਿੱਤੀ ਵਰ੍ਹੇ ਵਿੱਚ 400 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਹਾਸਲ ਹੋਣਾ ਦਰਸਾਉਂਦਾ ਹੈ ਕਿ ਭਾਰਤ ਦੇ ਉਤਪਾਦਾਂ ਦੀ ਮੰਗ ਦੁਨੀਆਂ ਵਿੱਚ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਭਾਰਤੀ ‘ਲੋਕਲ ਲਈ ਵੋਕਲ’ ਹੁੰਦਾ ਹੈ ਤਾਂ ਸਥਾਨਕ ਉਤਪਾਦਾਂ ਦੇ ਆਲਮੀ ਬਣਨ ’ਚ ਦੇਰ ਨਹੀਂ ਲੱਗਦੀ।
ਪ੍ਰਧਾਨ ਮੰਤਰੀ ਨੇ ਆਪਣਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਸਰਕਾਰੀ ਈ-ਮਾਰਕੀਟ (ਜੀਈਐੱਮ) ਪੋਰਟਲ ਰਾਹੀਂ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਵਸਤਾਂ ਖਰੀਦੀਆਂ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਤਕਰੀਬਨ ਸਵਾ ਲੱਖ ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਸਿੱਧਾ ਸਰਕਾਰ ਨੂੰ ਵੇਚਿਆ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਵੱਡੀਆਂ ਕੰਪਨੀਆਂ ਹੀ ਸਰਕਾਰ ਨੂੰ ਸਾਮਾਨ ਵੇਚ ਸਕਦੀਆਂ ਸਨ ਪਰ ਹੁਣ ਦੇਸ਼ ਬਦਲ ਰਿਹਾ ਹੈ ਅਤੇ ਪੁਰਾਣਾ ਸਿਸਟਮ ਵੀ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜੀਈਐੱਮ ਪੋਰਟਲ ’ਤੇ ਛੋਟਾ ਦੁਕਾਨਦਾਰ ਵੀ ਸਰਕਾਰ ਨੂੰ ਆਪਣਾ ਸਾਮਾਨ ਵੇਚ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਆਯੂਸ਼ ਉਤਪਾਦਾਂ ਦੇ ਬਾਜ਼ਾਰ ਅਤੇ ਉਨ੍ਹਾਂ ਨਾਲ ਜੁੜੇ ਸਟਾਰਟਅੱਪ ਦੀ ਗਿਣਤੀ ਵਧਣ ਦੀ ਵੀ ਸ਼ਲਾਘਾ ਕੀਤੀ। ਮੋਦੀ ਨੇ ਭਾਰਤੀ ਉਤਪਾਦਾਂ ਦੀ ਸਮਰੱਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਤਾਕਤ ਦਾ ਆਧਾਰ ਦੇਸ਼ ਦੇ ਕਿਸਾਨ, ਕਾਰੀਗਰ, ਬੁਣਨ ਵਾਲੇ, ਇੰਜਨੀਅਰ, ਛੋਟੇ ਕਾਰੋਬਾਰੀ ਅਤੇ ਸੂਖਮ, ਲਘੂ ਤੇ ਦਰਮਿਆਨੀ ਸਨਅਤ ਖੇਤਰ ਅਤੇ ਕਈ ਵੱਖ ਵੱਖ ਕਾਰੋਬਾਰਾਂ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਅਸਾਮ ਦੇ ਹੈਲਾਕਾਂਡੀ ਦੇ ਚਮੜੇ ਦੇ ਉਤਪਾਦ, ਉਸਮਾਨਾਬਾਦ ’ਚ ਖੱਡੀ ’ਤੇ ਬਣਨ ਵਾਲੇ ਉਤਪਾਦ, ਬੀਜਾਪੁਰ ਦੀਆਂ ਫਲ-ਸਬਜ਼ੀਆਂ, ਚੰਦੌਲੀ ਦੇ ਕਾਲੇ ਚੌਲ ਤੇ ਤ੍ਰਿਪੁਰਾ ਦੇ ਕਟਹਲ ਦੀ ਬਰਾਮਦ ਤੇਜ਼ੀ ਨਾਲ ਵੱਧ ਰਹੀ ਹੈ।
  ਖਾਸ ਖਬਰਾਂ