View Details << Back

ਬੋਰਿਸ ਜੌਨਸਨ ਸਿੱਖ ਕੌਮ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਵਾਲੀ ਗ੍ਰਹਿ ਮੰਤਰੀ ਵਿਰੁੱਧ ਕਾਰਵਾਈ ਕਰਨ : ਢੇਸੀ

  ਬਰਤਾਨੀਆਂ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਅਮਰੀਕਾ ਦੌਰੇ ਦੌਰਾਨ ਸਿੱਖਾਂ ਬਾਰੇ ਕੀਤੀ ਭੜਕਾਊ ਬਿਆਨਬਾਜ਼ੀ ਦਾ ਮਾਮਲਾ ਹੁਣ ਬਰਤਾਨੀਆਂ ਦੀ ਸੰਸਦ ਤੱਕ ਵੀ ਪਹੁੰਚ ਗਿਆ ਹੈ।
ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੰਬਰ 2021 ’ਚ ਅਮਰੀਕੀ ਦੌਰੇ ਦੌਰਾਨ ਅੱਤਵਾਦ ਦੇ ਵਿਸ਼ੇ ’ਤੇ ਬੋਲਦਿਆਂ ਸਿੱਖ ਭਾਈਚਾਰੇ ਖ਼ਿਲਾਫ਼ ਭੜਕਾਊ ਬਿਆਨ ਦਿੱਤਾ ਸੀ, ਜਿਸ ’ਤੇ ਬੋਲਦਿਆਂ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਕਤ ਮਾਮਲੇ ’ਚ ਸਿੱਖਾਂ ਨੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਤੋਂ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕਰਦੇ 200 ਤੋਂ ਵੱਧ ਬਰਤਾਨਵੀ ਸਿੱਖ ਸੰਸਥਾਵਾਂ ਨੇ ਪੱਤਰ ਲਿਖਿਆ ਸੀ, ਜਿਸ ਦਾ ਪ੍ਰਧਾਨ ਮੰਤਰੀ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਸੰਸਦ ਮੈਂਬਰ ਢੇਸੀ ਨੇ ਸਪੀਕਰ ਲਿੰਡਸੇਅ ਹੋਲੇ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਇਕ ਬਿਆਨ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਉਹ ਕੀ ਕਰ ਸਕਦੇ ਹਨ? ਜਿਸ ਦੇ ਜਵਾਬ ਵਿਚ ਸਪੀਕਰ ਨੇ ਭਾਵੇਂ ਇਹ ਕਿਹਾ ਕਿ ਇਹ ਮਮਲਾ ਉਨ੍ਹਾਂ ਦੇ ਅਧੀਨ ’ਚ ਨਹੀਂ ਹੈ ਪਰ ਉਨ੍ਹਾਂ ਵੱਲੋਂ ਵਰਤੀ ਗਈ ਭਾਸ਼ਾ ’ਤੇ ਚਿੰਤਾ ਜ਼ਰੂਰ ਪ੍ਰਗਟ ਕੀਤੀ ਹੈ।
ਬਰਤਾਨੀਆ ਸਪੀਕਰ ਕਿਹਾ ਕਿ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਜੇ ਫਿਰ ਵੀ ਜਵਾਬ ਨਾ ਦਿੱਤਾ ਤਾਂ ਮੈਨੂੰ ਪਤਾ ਹੈ ਕਿ ਢੇਸੀ ਇਸ ਦਾ ਖਹਿੜਾ ਨਹੀਂ ਛੱਡਣਗੇ। ਸਲੋਹ ਤੋਂ ਕੌਂਸਲਰ ਹਰਜਿੰਦਰ ਸਿੰਘ ਗਹੀਰ ਨੇ ਕਿਹਾ ਕਿ ਸ. ਢੇਸੀ ਵੱਲੋਂ ਲੋਕਤੰਤਰ ਤਰੀਕੇ ਨਾਲ ਇਸ ਗੱਲ ਨੂੰ ਬਰਤਾਨੀਆ ਦੀ ਪਾਰਲੀਮੈਂਟ ’ਚ ਰੱਖਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਦੱਸਣਯੋਗ ਹੈ ਕਿ ਸਮੁੱਚੇ ਬਰਤਾਨੀਆ ਵਿਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦਾ ਸਿੱਖਾਂ ਪ੍ਰਤੀ ਰਵੱਈਆ ਸਿੱਖ ਖੇਮਿਆਂ ’ਚ ਬਹੁਤ ਹੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਬਹੁਤਾਤ ਸਿੱਖ ਗ੍ਰਹਿ ਮੰਤਰੀ ਦੀ ਬਰਖਾਸਤੀ ਦੀ ਮੰਗ ਕਰ ਰਹੇ।
  ਖਾਸ ਖਬਰਾਂ