View Details << Back

ਸ਼ਾਹ ਵੱਲੋਂ ਗੁਆਂਢੀ ਮੁਲਕਾਂ ਨਾਲ ਵਪਾਰਕ ਤੇ ਸੱਭਿਆਚਾਰਕ ਸਬੰਧ ਵਧਾਉਣ ਦੀ ਵਕਾਲਤ

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਆਂਢੀ ਮੁਲਕਾਂ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧ ਅਤੇ ਲੋਕਾਂ ਦੇ ਆਪਸੀ ਸੰਪਰਕ ਵਧਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਇੱਕ ਸਬੰਧ ਹੈ, ਕਿਉਂਕਿ ਇਨ੍ਹਾਂ ਵਿਚੋਂ ਕਈ ਇਲਾਕੇ 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਸਨ।
ਸ੍ਰੀ ਸ਼ਾਹ ਨੇ 2019 ਵਿੱਚ ਕਰਤਾਰਪੁਰ ਸਾਹਿਬ ਗਲਿਆਰਾ, ਜਿਹੜਾ ਕਿ ਪਾਕਿਸਤਾਨ ਵਾਲੇ ਪੰਜਾਬ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਪੁਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ, ਖੋਲ੍ਹੇ ਜਾਣ ’ਤੇ ਤਸੱਲੀ ਪ੍ਰਗਟਾਉਂਦਿਆਂ ਦਾਅਵਾ ਕੀਤਾ ਕਿ ਉਸ ਸਮੇਂ ਇੱਕ ਗਲਤੀ ਹੋਈ ਸੀ ਅਤੇ ਵੰਡ ਦੌਰਾਨ ਇਸ ਨੂੰ ਭਾਰਤ ਤੋਂ ਬਾਹਰ ਕਰ ਦਿੱਤਾ ਗਿਆ।
ਗ੍ਰਹਿ ਮੰਤਰੀ ਨੇ ਲੈਂਡ ਪੋਰਟ ਅਥਾਰਿਟੀ (ਐੱਲਪੀਏ) ਦੇ ਸਥਾਪਨਾ ਦਿਵਸ ਮੌਕੇ ਇੱਥੇ ਸਮਾਗਮ ਵਿੱਚ ਕਿਹਾ ਕਿ ਭਾਰਤ ਦੀ 15 ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਹੈ ਤੇ ‘1947 ਤੋਂ ਪਹਿਲਾਂ ਅਸੀਂ ਇਕੱਠੇ ਸੀ।’’ ਉਨ੍ਹਾਂ ਕਿਹਾ, ‘‘ਸਾਡੇ ਸੱਭਿਆਚਾਰ ਇੱਕੋ ਜਿਹੇ ਹਨ, ਅਸੀਂ ਇੱਕੋ ਜਿਹੀਆਂ ਭਾਸ਼ਾਵਾਂ ਬੋਲਦੇ ਹਾਂ, ਸਾਡੇ ਵਿੱਚ ਲਗਾਅ ਹੈ। ਵਪਾਰਕ ਸਬੰਧ, ਸੱਭਿਆਚਾਰਕ ਸਬੰਧ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੇ ਮੌਕੇ ਹਨ। ਅਥਾਰਟੀ (ਐੱਲਪੀਏ) ਸਰਹੱਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਗੁਆਂਢੀ ਮੁਲਕਾਂ ਨਾਲ ਵਪਾਰ ਵਧਾ ਸਕਦੀ ਹੈ।’’ ਉਨ੍ਹਾਂ ਮੁਤਾਬਕ, ‘‘ਸਰਹੱਦ ਨੇੜੇ ਰਹਿੰਦੇ ਲੋਕਾਂ ਦਾ ਸੱਭਿਆਚਾਰ, ਭਾਸ਼ਾ ਅਤੇ ਜੀਵਨ ਸ਼ੈਲੀ ਇੱਕੋ ਜਿਹੇ ਹਨ ਅਤੇ ਅਥਾਰਟੀ ਗੁਆਂਂਢੀ ਮੁਲਕਾਂ ਨਾਲ ਸੱਭਿਆਚਾਰਕ ਸਬੰਧਾਂ ਦੀ ਮਜ਼ਬੂਤੀ ਯਕੀਨੀ ਬਣਾ ਸਕਦੀ ਹੈ। ਉਹ ਇਨ੍ਹਾਂ ਦੇਸ਼ਾਂ ਨਾਲ ਰਾਜਨੀਤਕ ਸਬੰਧਾਂ ਤੋਂ ਇਲਾਵਾ ਲੋਕਾਂ ਵਿਚਾਲੇ ਆਪਸੀ ਸੰਪਰਕ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
  ਖਾਸ ਖਬਰਾਂ