View Details << Back

ਰੂਸ-ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮਿਲਣੀ ਅੱਜ ਹੋਣ ਦੀ ਸੰਭਾਵਨਾ

  ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਭਲਕੇ ਤੁਰਕੀ ਵਿਚ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਤੁਰਕੀ ਦੇ ਐਂਟਾਲਿਆ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਇਕ ਬਹੁਪੱਖੀ ਕਾਨਫਰੰਸ ਲਈ ਮਿਲ ਸਕਦੇ ਹਨ। ਇਸ ਬਾਰੇ ਜਾਣਕਾਰੀ ਰੂਸੀ ਰੇਡੀਓ ਸਪੂਤਨਿਕ ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ ਹੈ।
ਤੀਜੀ ਧਿਰ ਵਜੋਂ ਮੀਟਿੰਗ ਵਿਚ ਤੁਰਕੀ ਦੇ ਵਿਦੇਸ਼ ਮੰਤਰੀ ਹਾਜ਼ਰ ਹੋਣਗੇ। ਰੂਸ-ਯੂਕਰੇਨ ਵਿਚਾਲੇ ਟਕਰਾਅ ਟਾਲਣ ਲਈ ਇਸ ਸ਼ਾਂਤੀ ਵਾਰਤਾ ਦੀ ਪਹਿਲ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੇ ਵਰਤਮਾਨ ਪੱਧਰ ਦੇ ਮੱਦੇਨਜ਼ਰ ਵਿਦੇਸ਼ ਮੰਤਰੀਆਂ ਦੀ ਇਸ ਮਿਲਣੀ ਬਾਰੇ ਕਈ ਖ਼ਦਸ਼ੇ ਵੀ ਹਨ। ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੱਲੋਂ ਜ਼ੁਬਾਨੀ ਤੌਰ ’ਤੇ ਇਹ ਕਹਿਣ ਕਿ ਉਹ ਨਾਟੋ ਵਿਚ ਸ਼ਾਮਲ ਨਹੀਂ ਹੋਣਗੇ, ਨਾਲ ਮਸਲੇ ਦਾ ਹੱਲ ਨਿਕਲਣ ਦੀ ਕੁਝ ਆਸ ਜ਼ਰੂਰ ਬੱਝੀ ਹੈ। ਦੱਸਣਯੋਗ ਹੈ ਕਿ ਰੂਸ ਨੂੰ ਮੁੱਖ ਤੌਰ ’ਤੇ ਯੂਕਰੇਨ ਦੇ ਨਾਟੋ ਵਿਚ ਸ਼ਾਮਲ ਹੋਣ ’ਤੇ ਹੀ ਇਤਰਾਜ਼ ਹੈ। ਜ਼ੇਲੈਂਸਕੀ ਨੇ ਅਮਰੀਕੀ ਟੀਵੀ ਸੇਵਾ ‘ਏਬੀਸੀ ਨਿਊਜ਼’ ਨੂੰ ਇਕ ਇੰਟਰਵਿਊ ਵਿਚ ਕਿਹਾ, ‘ਮੈਂ ਕਾਫ਼ੀ ਚਿਰ ਪਹਿਲਾਂ ਵੀ ਇਸ ਸਵਾਲ ਨੂੰ ਠੰਢਾ ਪਾ ਚੁੱਕਾ ਹਾਂ, ਜਦ ਸਾਨੂੰ ਅਹਿਸਾਸ ਹੋਇਆ ਸੀ ਕਿ ਨਾਟੋ ਯੂਕਰੇਨ ਨੂੰ ਮੈਂਬਰ ਬਣਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ, ‘ਨਾਟੋ ਗੱਠਜੋੜ ਵਿਵਾਦਤ ਗੱਲਾਂ ਤੋਂ ਡਰਦਾ ਹੈ, ਤੇ ਰੂਸ ਨਾਲ ਟਕਰਾਅ ਤੋਂ ਵੀ ਡਰਦਾ ਹੈ।
  ਖਾਸ ਖਬਰਾਂ