View Details << Back

Canada ਦੀ ਵਿਦੇਸ਼ ਨੀਤੀ ਰਣਨੀਤਕ ਖ਼ੁਦਮੁਖ਼ਤਿਆਰੀ ’ਤੇ ਕੇਂਦਰਿਤ: ਅਨੀਤਾ ਆਨੰਦ

  ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਕੈਨੇਡਾ ਆਲਮੀ ਪੱਧਰ ’ਤੇ ਰਣਨੀਤਕ ਖ਼ੁਦਮੁਖ਼ਤਿਆਰੀ ਦਾ ਹਾਮੀ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸੇ ਨੀਤੀ ’ਤੇ ਕੇਂਦਰਿਤ ਹੋ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਵੱਲੋਂ ਪਾਏ ਜਾਣ ਵਾਲੇ ਦਬਾਵਾਂ ਨੂੰ ਸੀਮਤ ਕਰਨਾ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ।

ਅਨੀਤਾ ਆਨੰਦ ਨੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਕੈਨੇਡਾ ਚਾਹੁੰਦਾ ਹੈ ਕਿ ਸਮੇਂ ਦੇ ਨਾਲ ਬਦਲਦੇ ਸਮੀਕਰਨਾਂ ਦੇ ਮੱਦੇਨਜ਼ਰ, ਰੱਖਿਆ, ਊਰਜਾ, ਵਪਾਰ ਅਤੇ ਤਕਨਾਲੋਜੀ ਵਰਗੇ ਵਿਸ਼ੇਸ਼ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਮੱਧ ਵਰਗੀ ਦੇਸ਼ ਕਿਸੇ ਵੱਡੀ ਤਾਕਤ ’ਤੇ ਨਿਰਭਰ ਨਾ ਰਹਿਣ ਅਤੇ ਅਜਿਹੇ ਸਾਰੇ ਦੇਸ਼ ਇਕਜੁੱਟ ਹੋ ਕੇ ਆਪਣੀ ਆਲਮੀ ਭੂਮਿਕਾ ਨੂੰ ਮਜ਼ਬੂਤ ਕਰਨ।

ਬਿਨਾਂ ਕਿਸੇ ਦੇਸ਼ ਦਾ ਨਾਂ ਲਏ ਉਨ੍ਹਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਵੱਡੀਆਂ ਤਾਕਤਾਂ ਖ਼ੁਦ ਵਿਸ਼ਵ ਪੱਧਰੀ ਆਰਥਿਕ ਸਹਿਯੋਗ ਤੋਂ ਪਿੱਛੇ ਹਟਣ ਦੇ ਨਾਲ-ਨਾਲ ਕਈ ਮੁਲਕਾਂ ਦੀ ਆਰਥਿਕ ਏਕਤਾ ਅਤੇ ਇਕਜੁੱਟਤਾ ਦੇ ਰਾਹ ਵਿੱਚ ਕੰਡੇ ਬੀਜਣ ਦਾ ਜ਼ੋਰ ਲਾ ਰਹੀਆਂ ਹਨ, ਤਾਂ ਜੋ ਮੱਧ ਦਰਜੇ ਦੇ ਦੇਸ਼ਾਂ ਵਿੱਚ ਬਣੀ ਆਪਸੀ ਆਰਥਿਕ ਨਿਰਭਰਤਾ ਅਤੇ ਸਾਂਝੀ ਅਰਥਵਿਵਸਥਾ ਕਮਜ਼ੋਰ ਹੋ ਸਕੇ।

ਹਰੇ ਰੰਗ ਦੇ ਸੰਗਮਰਮਰ ਵਾਲੇ ਸੰਯੁਕਤ ਰਾਸ਼ਟਰ ਮੰਚ ਤੋਂ ਬੋਲਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਜਦੋਂ ਆਲਮੀ ਪੱਧਰ ਉੱਤੇ ਪੁਰਾਣੇ ਆਰਥਿਕ ਅਤੇ ਹੋਰ ਰਿਸ਼ਤੇ ਟੁੱਟ ਰਹੇ ਹਨ, ਤਾਂ ਕੈਨੇਡਾ ਨੇ ਸਮੇਂ ਦੀ ਨਬਜ਼ ਪਛਾਣਦਿਆਂ ਵੱਡੀਆਂ ਤਾਕਤਾਂ ਵੱਲ ਤੱਕਦੇ ਦੇਸ਼ਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਦੇ ਸਾਰਥਿਕ ਨਤੀਜੇ ਦਿਸਣ ਲੱਗੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਬਹੁਤੇ ਦੇਸ਼ਾਂ ਨੂੰ ਇਸ ਦੀ ਸਮਝ ਆ ਗਈ ਹੈ ਅਤੇ ਉਹ ਆਪਣੇ-ਆਪ ਨੂੰ ਨਵੇਂ ਸੰਦਰਭ ਵਿੱਚ ਢਾਲਣ ਦੇ ਯਤਨ ਕਰਨ ਲੱਗ ਪਏ ਹਨ। ਅਨੀਤਾ ਆਨੰਦ ਦੇ ਇਸ ਭਾਸ਼ਣ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਸਾਲ ਤੋਂ ਆਰੰਭੇ ਗਏ ਯਤਨਾਂ ਦੀ ਪ੍ਰਤੀਬੱਧਤਾ ਵਜੋਂ ਦੇਖਿਆ ਜਾ ਰਿਹਾ ਹੈ। ਪਰ ਆਉਣ ਵਾਲੇ ਸਾਲਾਂ ਵਿੱਚ ਆਲਮੀ ਪੱਧਰ ’ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ, ਇਹ ਪਤਾ ਲੱਗਣ ਵਿੱਚ ਅਜੇ ਸਮਾਂ ਲੱਗੇਗਾ।
  ਖਾਸ ਖਬਰਾਂ