View Details << Back

ਤਣਾਅਪੂਰਨ ਸੰਬੰਧਾਂ ਦੇ ਬਾਵਜੂਦ PM ਮੋਦੀ ਨੂੰ G-7 ਸ਼ਿਖਰ ਸੰਮੇਲਨ ਲਈ ਕਿਉਂ ਸੱਦਾ ਦਿੱਤਾ ਗਿਆ? ਕੈਨੇਡਾ ਦੇ PM ਨੇ ਦਿੱਤਾ ਜਵਾਬ

  ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸ਼ਿਖਰ ਸੰਮੇਲਨ 'ਚ ਸੱਦਾ ਦੇਣ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਾਰਤ ਦਾ ਆਰਥਿਕ ਕੱਦ ਤੇ ਵਿਸ਼ਵ ਸਪਲਾਈ ਚੇਨ 'ਚ ਇਸ ਦੀ ਭੂਮਿਕਾ ਵਧ ਰਹੀ ਹੈ। ਇਹ ਸ਼ਿਖਰ ਸੰਮੇਲਨ 15 ਤੋਂ 17 ਜੂਨ ਤਕ ਅਲਬਰਟਾ ਦੇ ਕਨਾਨਾਸਕਿਸ 'ਚ ਹੋਵੇਗਾ। ਦੁਨੀਆ ਦੇ ਸਭ ਤੋਂ ਵੱਧ ਉਦਯੋਗਿਕ ਦੇਸ਼ਾਂ ਦੇ ਆਗੂ ਊਰਜਾ ਸੁਰੱਖਿਆ, ਡਿਜਿਟਲਾਈਜ਼ੇਸ਼ਨ ਅਤੇ ਭੂ-ਸਿਆਸੀ ਸੰਘਰਸ਼ ਵਰਗੇ ਮਹੱਤਵਪੂਰਨ ਵਿਸ਼ਵ ਮਸਲਿਆਂ 'ਤੇ ਚਰਚਾ ਕਰਨ ਲਈ ਇਕੱਠੇ ਹੋਣਗੇ। ਪਿਛਲੇ ਸਾਲ ਕੈਨੇਡਾ 'ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਦੇ ਚਲਦੇ ਕੂਟਨੀਤਕ ਤਣਾਅ ਵਿਚਾਲੇ ਪੀਐੱਮ ਮੋਦੀ ਨੂੰ ਸੱਦੇ ਦੇ ਪਿੱਛੇ ਤਰਕ ਬਾਰੇ ਪੁੱਛੇ ਜਾਣ 'ਤੇ ਕਾਰਨੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਤੇ ਪ੍ਰਭਾਵੀ ਰੂਪ 'ਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਹ ਕਈ ਵਿਸ਼ਵ ਸਪਲਾਈ ਚੇਨਾਂ ਦਾ ਕੇਂਦਰ ਹੈ, ਇਸ ਲਈ ਗੱਲਬਾਤ 'ਚ ਭਾਰਤ ਨੂੰ ਸ਼ਾਮਲ ਕਰਨਾ ਸਮਝ ਆਉਂਦਾ ਹੈ।

ਹਾਲ ਹੀ 'ਚ ਕੈਨੇਡਾ ਦੇ ਪ੍ਰਧਾਨ ਮੰਤ੍ਰੀ ਵਜੋਂ ਚਾਰਜ ਸੰਭਾਲਣ ਵਾਲੇ ਅਤੇ ਇਸ ਸਾਲ ਜੀ-7 ਦੀ ਨੁਮਾਇੰਦਗੀ ਕਰਨ ਵਾਲੇ ਕਾਰਨੀ ਨੇ ਨਿੱਝਰ ਮਾਮਲੇ ਨਾਲ ਸਬੰਧਤ ਚੱਲ ਰਹੀ ਕਾਨੂੰਨੀ ਕਾਰਵਾਈ ਦੀ ਸੰਵੇਦਨਸ਼ੀਲਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ 'ਚ ਭਾਰਤ-ਕੈਨੇਡਾ ਸੰਬੰਧਾਂ ਨੂੰ ਕਲੰਕਿਤ ਕਰਨ ਵਾਲੇ ਵਿਵਾਦ ਬਾਰੇ ਪੁੱਛੇ ਗਏ ਸਵਾਲਾਂ ਦਾ ਵੀ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ 'ਚ ਇਕ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਅਤੇ ਇਹ ਕਾਫੀ ਅੱਗੇ ਵਧ ਚੁੱਕੀ ਹੈ। ਐਸੀਆਂ ਚੀਜ਼ਾਂ 'ਤੇ ਟਿੱਪਣੀ ਕਰਨਾ ਕਦੇ ਵੀ ਚੰਗਾ ਵਿਚਾਰ ਨਹੀਂ ਹੁੰਦਾ। ਇਸ ਤੋਂ ਇਲਾਵਾ, ਕਾਰਨੀ ਨੇ ਇਹ ਵੀ ਕਿਹਾ ਕਿ ਕੂਟਨੀਤਿਕ ਤਰੱਕੀ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਐਕਸ ਪੋਸਟ 'ਚ ਸੱਦਾ ਸਵੀਕਾਰ ਕਰਨ ਦੀ ਪੁਸ਼ਟੀ ਕੀਤੀ। ਕਾਰਨੀ ਨੂੰ ਸੱਦਾ ਦੇਣ ਲਈ ਧੰਨਵਾਦ ਕੀਤਾ ਤੇ ਚੋਣਾਂ 'ਚ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ। ਮੋਦੀ ਨੇ ਪੋਸਟ ਕੀਤਾ, "ਕੈਨੇਡਾ ਦੇ ਪ੍ਰਧਾਨ ਮੰਤਰੀ @MarkJCarney ਨਾਲ ਫੋਨ 'ਤੇ ਗੱਲ ਕਰ ਕੇ ਖੁਸ਼ੀ ਹੋਈ। ਹਾਲ ਹੀ 'ਚ ਹੋਈਆਂ ਚੋਣਾਂ 'ਚ ਉਨ੍ਹਾਂ ਦੀ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਇਸ ਮਹੀਨੇ ਦੇ ਅੰਤ 'ਚ ਕਨਾਨਾਸਕਿਸ 'ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ 'ਚ ਸੱਦਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਲੋਕਾਂ ਦੇ ਵਿਚਕਾਰ ਗਹਿਰੇ ਸੰਬੰਧਾਂ ਨਾਲ ਜੁੜੇ ਜੀਵੰਤ ਲੋਕਤੰਤਰ ਦੇ ਤੌਰ 'ਤੇ, ਭਾਰਤ ਅਤੇ ਕੈਨੇਡਾ ਆਪਸੀ ਆਦਰ ਤੇ ਸਾਂਝੇ ਹਿਤਾਂ ਦੇ ਮਾਰਗਦਰਸ਼ਨ ਵਿਚ ਨਵੇਂ ਜੋਸ਼ ਨਾਲ ਮਿਲ ਕੇ ਕੰਮ ਕਰਨਗੇ। ਸਿਖਰ ਸੰਮੇਲਨ 'ਚ ਸਾਡੀ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
  ਖਾਸ ਖਬਰਾਂ