View Details << Back

ਟਰੰਪ ਖ਼ਿਲਾਫ਼ ਗੁਪਤ ਫਾਈਲ ਕੇਸ ਰੱਦ ਕਰਨੋਂ ਅਦਾਲਤ ਨੇ ਕੀਤੀ ਨਾਂਹ, ਵ੍ਹਾਈਟ ਹਾਊਸ ਛੱਡਦੇ ਸਮੇਂ ਫਾਈਲਾਂ ਨੂੰ ਘਰ ਲਿਜਾਣ ਦਾ ਹੈ ਦੋਸ਼

  ਵਾਸ਼ਿੰਗਟਨ: ਅਮਰੀਕੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਅਪੀਲ ਨੂੰ ਮੰਨਣੋਂ ਨਾਂਹ ਕਰ ਦਿੱਤੀ ਹੈ ਕਿ ਨਾਜਾਇਜ਼ ਤੌਰ ’ਤੇ ਗੁਪਤ ਫਾਈਲਾਂ ਰੱਖਣ ਦੇ ਮਾਮਲੇ ’ਚ ਅਪਰਾਧਕ ਮੁਕੱਦਮਾ ਰੱਦ ਕਰ ਦਿੱਤਾ ਜਾਵੇ। ਟਰੰਪ ਦਾ ਦੋਸ਼ ਹੈ ਕਿ ਉਹ 2021 ’ਚ ਵ੍ਹਾਈਟ ਹਾਊਸ ਛੱਡਦੇ ਸਮੇਂ ਆਪਣੇ ਨਾਲ ਮਹੱਤਵਪੂਰਨ ਗੁਪਤ ਫਾਈਲਾਂ ਵੀ ਘਰ ਲੈ ਗਏ ਸਨ ਜਿਸ ਨੂੰ ਸੰਘੀ ਏਜੰਸੀਆਂ ਨੇ ਬਾਅਦ ’ਚ ਉਨ੍ਹਾਂ ਦੇ ਘਰੋਂ ਬਰਾਮਦ ਕੀਤਾ ਸੀ। ਫਲੋਰੀਡਾ ’ਚ ਅਮਰੀਕਾ ਦੀ ਡਿਸਟਿ੍ਰਕਟ ਜੱਜ ਏਲੀਨ ਕੈਨਨ ਸਾਹਮਣੇ ਟਰੰਪ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਲੱਗੇ ਸੰਘੀ ਦੋਸ਼ ਬੇਲੁੜੀਂਦੇ ਤੇ ਅਸਪੱਸ਼ਟ ਹਨ। ਜੱਜ ਨੇ ਕਿਹਾ ਕਿ ਸਵਾਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਪਰ ਇਸ ਬਿੰਦੂ ’ਤੇ ਇਸ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਟਰੰਪ ਖ਼ਿਲਾਫ਼ ਚਾਰ ਅਪਰਾਧਕ ਮਾਮਲਿਆਂ ’ਚੋਂ ਇਹ ਇਕ ਹੈ। ਟਰੰਪ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਡੈਮੋਕ੍ਰੇਟ ਆਗੂ ਜੋਅ ਬਾਇਡਨ ਸਾਹਮਣੇ ਰਿਪਬਲਿਕਨ ਚੁਣੌਤੀ ਪੇਸ਼ ਕਰਨਗੇ।

ਉੱਧਰ, ਟਰੰਪ ਖ਼ਿਲਾਫ਼ ਪੋਰਨ ਸਟਾਰ ਨੂੰ ਚੁੱਪ ਰਹਿਣ ਬਦਲੇ ਦਿੱਤੇ ਗਏ ਗੁਪਤ ਪੈਸਿਆਂ ਦੇ ਮਾਮਲੇ ’ਚ ਨਿਊਯਾਰਕ ਦੇ ਵਕੀਲਾਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਪਰਾਧਕ ਟ੍ਰਾਇਲ ਇਕ ਮਹੀਨਾ ਦੇਰ ਨਾਲ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਨਾਲ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਜਾ ਸਕਣਗੇ। ਇਸ ’ਤੇ ਮੈਨਹਟਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਨੇ ਕਿਹਾ ਕਿ ਉਸ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ਜੱਜ ਜੁਆਨ ਮੈਨੁਅਲ ਨੇ ਫ਼ਿਲਹਾਲ ਤੁਰੰਤ ਕੋਈ ਆਦੇਸ਼ ਨਹੀਂ ਦਿੱਤਾ।
  ਖਾਸ ਖਬਰਾਂ