View Details << Back

ਮੀਂਹ ਕਾਰਨ ਲਾਹੌਰ ਦਾ ਗੁਰੂਘਰ ਢਹਿ–ਢੇਰੀ, ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਇਸ ਦੀ ਮੁਰੰਮਤ ਵੱਲ ਕਦੇ ਨਹੀਂ ਦਿੱਤਾ ਧਿਆਨ

  ਲਾਹੌਰ : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਰ ਲਾਗਲੇ ਪਿੰਡ ਜਾਹਮਣ ਸਥਿਤ ਇੱਕ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਢਹਿ-ਢੇਰੀ ਹੋ ਗਈ ਹੈ। ਇਹ ਦੁਖਦਾਈ ਘਟਨਾ ਐਤਵਾਰ ਨੂੰ ਵਾਪਰੀ ਦੱਸੀ ਜਾਂਦੀ ਹੈ। ਦੋਸ਼ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਤੋਂ ਹੀ ਇਸ ਗੁਰੂਘਰ ਵੱਲ ਸਰਕਾਰ ਨੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ। ਹੁਣ ਇਸ ਗੁਰਦੁਆਰਾ ਸਾਹਿਬ ਦੀ ਸਿਰਫ਼ ਇੱਕ ਕੰਧ ਖੜ੍ਹੀ ਰਹਿ ਗਈ ਹੈ। ਇਹ ਗੁਰਦੁਆਰਾ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨਾਲ ਇੱਥੇ ਆਪਣੇ ਚਰਨ ਪਾਏ ਸਨ। ਦਰਅਸਲ, ਪਿੰਡ ਜਾਹਮਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਡੇਰਾ ਚਾਹਲ ਦੇ ਨੇੜੇ ਸਥਿਤ ਹੈ ਤੇ ਗੁਰੂ ਜੀ ਇਸ ਪਿੰਡ ’ਚ ਵੀ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ ਕਿਉਂਕਿ ਇਹ ਉਨ੍ਹਾਂ ਦੇ ਨਾਨਕੇ ਪਿੰਡ ਦੇ ਰਾਹ ’ਚ ਪੈਂਦਾ ਸੀ।


ਕਿਸੇ ਵੇਲੇ ਇਸ ਗੁਰਦੁਆਰਾ ਸਾਹਿਬ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੀ ਆਮਦ ਹੁੰਦੀ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਇਸ ਦੀ ਮੁਰੰਮਤ ਨਾ ਕੀਤੇ ਜਾਣ ਕਰਕੇ ਇਸ ਦੀ ਇਮਾਰਤ ਦੀ ਹਾਲਤ ਨਿਰੰਤਰ ਖ਼ਸਤਾ ਹੁੰਦੀ ਚਲੀ ਗਈ। ਪਾਕਿਸਤਾਨ ਦੇ ਇਤਿਹਾਸਕਾਰ ਇਮਰਾਨ ਵਿਲੀਅਮ ਨੇ ਸੋਮਵਾਰ ਨੂੰ ਘਟਨਾ-ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਹ ਸਭ ਤੋਂ ਦੁਖਦਾਈ ਤੇ ਕਾਲ਼ੇ ਦਿਨਾਂ ’ਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰੂਘਰ ਦੀ ਇਮਾਰਤ ਕਰਵਾਉਣ ਦੀਆਂ ਬੇਨਤੀਆਂ ਸਰਕਾਰ ਨੂੰ ਬਹੁਤ ਪਹਿਲਾਂ ਤੋਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਪਾਕਿ ਸਰਕਾਰ ਨੇ ਇਸ ਪਾਸੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਇਤਿਹਾਸਕਾਰ ਨੇ ਦੱਸਿਆ ਕਿ ਇਸ ਗੁਰੂਘਰ ਦੇ ਬਿਲਕੁਲ ਲਾਗੇ ਇੱਕ ਛੱਪੜ ਹੈ, ਜਿਸ ਦਾ ਪਾਣੀ ਇਸ ਦੀ ਇਮਾਰਤ ਦੀਆਂ ਜੜ੍ਹਾਂ ’ਚ ਸਿੰਮਦਾ ਰਿਹਾ, ਜਿਸ ਕਾਰਨ ਉਹ ਡਿੱਗ ਪਈ। ਇੰਝ ਇੱਕ ਇਤਿਹਾਸਕ ਇਮਾਰਤ ਅਤੇ ਉਸ ’ਤੇ ਉਸ ਵੇਲੇ ਦੀਆਂ ਬਣੀਆਂ ਧਾਰਮਿਕ ਕਲਾ-ਕ੍ਰਿਤੀਆਂ ਤਬਾਹ ਹੋ ਗਈਆਂ।
  ਖਾਸ ਖਬਰਾਂ