View Details << Back

ਗਰਮੀ ਸ਼ਰੁੂ ਹੋਣ ਤੋਂ ਪਹਿਲਾਂ ਹੀ ਮਚੀ ਹਾਹਾਕਾਰ, ਬਿਜਲੀ ਦੀ ਮੰਗ ਵਧੀ, ਪੰਜ ਯੂਨਿਟ ਬੰਦ, 1400 ਮੈਗਾਵਾਟ ਉਤਪਾਦਨ ਠੱਪ

  ਪਟਿਆਲਾ : ਗਰਮੀ ਸ਼ਰੁੂ ਹੋਣ ਤੋਂ ਪਹਿਲਾਂ ਹੀ ਪੀਐੱਸਪੀਸੀਐੱਲ ਦੀ ਮੁਸੀਬਤਾਂ ਵਧਣ ਲੱਗੀਆਂ ਹਨ। ਕੋਲੇ ਦੀ ਘਾਟ, ਯੂਨਿਟ ਬੰਦ ਹੋਣ ਤੇ ਸਰਦੀਆਂ ਵਿਚ ਬਿਜਲੀ ਦੀ ਮੰਗ ਵਧਣ ਲੱਗੀ ਹੈ। ਪਛਵਾੜਾ ਕੋਲ ਖਾਣ ਤੋਂ ਕੋਲੇ ਦੀ ਸਪਲਾਈ ਬੰਦ ਹੋਣ ਦਾ ਅਸਰ ਪੰਜਾਬ ਦੇ ਥਰਮਲਾਂ ’ਤੇ ਪੈਣ ਲੱਗਿਆ ਹੈ, ਇਸ ਬਾਰੇ ‘ਪੰਜਾਬੀ ਜਾਗਰਣ’ ਪਹਿਲਾਂ ਹੀ ਖ਼ੁਲਾਸਾ ਕਰ ਚੁੱਕਿਆ ਹੈ। ਕੋਲੇ ਦੀ ਘਾਟ ਕਰ ਕੇ ਇਕ ਥਰਮਲ ਦਾ ਇਕ ਯੂਨਿਟ ਬੰਦ ਹੋ ਗਿਆ ਹੈ ਜਦੋਂਕਿ ਹੋਰ ਥਰਮਲਾਂ ਦੇ 4 ਯੂਨਿਟ ਵੀ ਤਕਨੀਕੀ ਕਾਰਨਾਂ ਕਰ ਕੇ ਬੰਦ ਹਨ।

ਕੋਲੇ ਦੀ ਕਮੀ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਬੰਦ ਹੋ ਗਿਆ ਹੈ, ਦੋ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਏ ਹਨ। ਨਿੱਜੀ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2, ਤਕਨੀਕੀ ਖ਼ਰਾਬੀ ਕਾਰਨ ਬੰਦ ਹੈ। ਲਹਿਰਾ ਮੁਹੱਬਤ ਦਾ ਯੂਨਿਟ ਬੁਆਇਲਰ ਫਟਣ ਕਾਰਨ ਪਿਛਲੇ 8 ਮਹੀਨਿਆਂ ਤੋਂ ਬੰਦ ਹੈ। ਕੁੱਲ ਮਿਲਾ ਕੇ ਪੰਜਾਬ ਵਿਚ ਬਿਜਲੀ ਉਤਪਾਦਨ ਵਿਚ 1400 ਮੈਗਾਵਾਟ ਦੀ ਕਮੀ ਰਹੀ ਹੈ। ਬਿਜਲੀ ਦੀ ਮੰਗ ਲੰਘੇ ਵਰ੍ਹੇ ਨਾਲੋਂ ਵੱਧ ਦਰਜ ਕੀਤੀ ਗਈ ਹੈ, ਜਿਸ ਨੂੰ ਪੂਰਾ ਕਰਨ ਲਈ ਪੀਐੱਸਪੀਸੀਐੱਲ ਕੇਂਦਰੀ ਪੂਲ ਤੋਂ ਮਹਿੰਗੇ ਭਾਅ ਬਿਜਲੀ ਖ਼ਰੀਦਣ ਲਈ ਮਜਬੂਰ ਹੋ ਰਿਹਾ ਹੈ। ਪੀਐੱਸਪੀਸੀਐੱਲ ਰੋਜ਼ਾਨਾ ਔਸਤਨ 10 ਕਰੋੜ ਦੀ ਬਿਜਲੀ 7 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਕੇ ਸਪਲਾਈ ਕਰ ਰਿਹਾ ਹੈ।

ਸ਼ੁੱਕਰਵਾਰ ਨੂੰ ਦੁਪਹਿਰ ਚਾਰ ਵਜੇ ਤਕ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ ਹੈ। ਰੋਪੜ ਪਲਾਂਟ ਦੇ 210 ਮੈਗਾਵਾਟ ਵਾਲੇ 4 ਯੂਨਿਟਾਂ ਵਿੱਚੋਂ ਸਿਰਫ ਇਕ ਯੂਨਿਟ ਚੱਲ ਰਿਹਾ ਹੈ ਜਿਸ ਤੋਂ 126 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਲਹਿਰਾ ਮੁਹੱਬਤ ਦੇ 4 ਵਿੱਚੋਂ ਤਿੰਨ ਯੂਨਿਟਾਂ ਤੋਂ 620 ਮੈਗਾਵਾਟ ਬਿਜਲੀ ਮਿਲੀ ਹੈ। ਨਿੱਜੀ ਖੇਤਰ ਦੇ ਤਲਵੰਡੀ ਸਾਬੋ ਪਲਾਂਟ ਦੇ ਤਿੰਨ ਵਿੱਚੋਂ 2 ਯੂਨਿਟਾਂ ਤੋਂ 1219 ਮੈਗਾਵਾਟ, ਰਾਜਪੁਰਾ ਪਲਾਂਟ ਦੇ 2 ਯੂਨਿਟਾਂ ਤੋਂ 1338 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਹਾਈਡਰੋ ਪ੍ਰਾਜੈਕਟਾਂ ਤੋਂ 410 ਮੈਗਾਵਾਟ ਨਾਲ ਪੀਐੱਸਪੀਸੀਐੱਲ ਨੂੰ ਕੁੱਲ 4353 ਮੈਗਾਵਾਟ ਬਿਜਲੀ ਮਿਲੀ ਹੈ।
  ਖਾਸ ਖਬਰਾਂ