View Details << Back

SCO Summit: ਪੀਐਮ ਮੋਦੀ ਨੇ ਐੱਸਸੀਓ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦਾ ਦਿੱਤਾ ਸੱਦਾ, ਕਿਹਾ- ਇਹ ਯੁੱਗ ਜੰਗ ਦਾ ਨਹੀਂ

  ਨਵੀਂ ਦਿੱਲੀ: ਯੂਕਰੇਨ ’ਤੇ ਰੂਸ ਦੇ ਹਮਲੇ ਤੇ ਤਾਇਵਾਨ ’ਤੇ ਚੀਨ ਦੇ ਰੁਖ਼ ਨਾਲ ਦੁਨੀਆ ਭਰ ’ਚ ਫੈਲੇ ਤਣਾਅ ਵਿਚਾਲੇ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਹ ਯੁੱਗ ਜੰਗ ਦਾ ਨਹੀਂ ਹੈ। ਸ਼ੁੱਕਰਵਾਰ ਨੂੰ ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ ’ਚ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਤੇ ਬਾਅਦ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਈਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਈਸੀ ਵਰਗੇ ਆਗੂਆਂ ਨਾਲ ਦੁਵੱਲੀ ਮੁਲਾਕਾਤ ’ਚ ਪੀਐੱਮ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਹਾਲੇ ਸਾਰਿਆਂ ਦਾ ਊਰਜਾ ਸੰਕਟ, ਖੁਰਾਕੀ ਸੰਕਟ ਤੇ ਖਾਦ ਸੰਕਟ ਵਰਗੇ ਮੁੱਦਿਆਂ ਨੂੰ ਹੱਲ ਕਰਨ ’ਤੇ ਫੋਕਸ ਹੋਣਾ ਚਾਹੀਦਾ ਹੈ। ਐੱਸਸੀਓ ਦੇਸ਼ਾਂ ਨੂੰ ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ’ਚ ਆਪਸੀ ਸਹਿਯੋਗ ਤੇ ਆਪਸੀ ਭਰੋਸੇ ਨੂੰ ਵਧਾਇਆ ਜਾਣਾ ਚਾਹੀਦਾ ਹੈ।

ਮੋਦੀ ਨੇ ਭਾਰਤ ਦੀ ਆਰਥਿਕ ਤਰੱਕੀ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦੇ ਹੋਏ ਕਿਹਾ ਕਿ ਭਾਰਤ ਇਕ ਮੈਨੂਫੈਕਚਰਿੰਗ ਹੱਬ ਬਣਨ ਜਾ ਰਿਹਾ ਹੈ ਤੇ ਇਸ ਸਾਲ 7.5 ਫ਼ੀਸਦੀ ਦੀ ਆਰਥਿਕ ਵਿਕਾਸ ਦਰ ਹਾਸਲ ਕਰੇਗਾ ਜਿਹੜੀ ਦੁਨੀਆ ਦੇ ਵੱਡੇ ਅਰਥਚਾਰਿਆਂ ’ਚ ਸਭ ਤੋਂ ਜ਼ਿਆਦਾ ਹੋਵੇਗੀ। ਮੋਦੀ ਤੇ ਪੁਤਿਨ ਵਿਚਾਲੇ ਇਹ ਕਰੀਬ 10 ਮਹੀਨਿਆਂ ਬਾਅਦ ਮੁਲਾਕਾਤ ਸੀ, ਹਾਲਾਂਕਿ ਇਸ ਦੌਰਾਨ ਉਨ੍ਹਾਂ ’ਚ ਕਈ ਵਾਰੀ ਟੈਲੀਫੋਨ ’ਤੇ ਗੱਲ ਹੋ ਚੁੱਕੀ ਹੈ। ਮੋਦੀ ਨੇ ਪੁਤਿਨ ਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਯੁੱਗ ਜੰਗ ਦਾ ਨਹੀਂ ਹੈ। ਇਸ ਬਾਰੇ ਮੇਰੀ ਤੁਹਾਡੇ ਨਾਲ ਕਈ ਵਾਰੀ ਗੱਲ ਹੋ ਚੁੱਕੀ ਹੈ ਕਿ ਲੋਕਤੰਤਰ, ਕੂਟਨੀਤੀ ਤੇ ਵਾਰਤਾ ਨਾਲ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਅਸੀਂ ਰੂਸ ਨਾਲ ਦੋਸਤੀ ਨੂੰ ਕਾਫ਼ੀ ਮਹੱਤਵ ਦਿੰਦੇ ਹਾਂ। ਦੁਨੀਆ ਵੀ ਇਹ ਗੱਲ ਜਾਣਦੀ ਹੈ ਕਿ ਭਾਰਤ ਤੇ ਰੂਸ ਦੀ ਦੋਸਤੀ ਅਟੁੱਟ ਹੈ। ਯੂਕਰੇਨ ਜੰਗ ਕਾਰਨ ਦੁਨੀਆ ਖ਼ਾਸ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ਸਾਹਮਣੇ ਪੈਦਾ ਹੋਈ ਖੁਰਾਕ ਤੇ ਊਰਜਾ ਸੁਰੱਖਿਆ ਦਾ ਮੁੱਦਾ ਵੀ ਮੋਦੀ ਨੇ ਪੁਤਿਨ ਸਾਹਮਣੇ ਉਠਾਇਆ। ਪੀਐੱਮ ਨੇ ਰੂਸ ਦੇ ਨਾਲ-ਨਾਲ ਯੂਕਰੇਨ ਨੂੰ ਵੀ ਧੰਨਵਾਦ ਕਿਹਾ ਜਿਨ੍ਹਾਂ ਨੇ ਜੰਗ ਦੀ ਸ਼ੁਰੂਆਤ ’ਚ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਕੱਢਣ ’ਚ ਮਦਦ ਕੀਤੀ।
  ਖਾਸ ਖਬਰਾਂ