View Details << Back

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ 21 ਅਪ੍ਰੈਲ ਨੂੰ ਪਹੁੰਚਣਗੇ ਭਾਰਤ, ਇਹਨਾਂ ਮੁੱਦਿਆਂ 'ਤੇ ਮੋਦੀ ਨਾਲ ਕਰਨਗੇ ਚਰਚਾ

  ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਹਫ਼ਤੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਅਹਿਮਦਾਬਾਦ ਜਾਣਗੇ। ਇਸ ਨਾਲ ਉਹ ਗੁਜਰਾਤ ਦਾ ਦੌਰਾ ਕਰਨ ਵਾਲੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣ ਜਾਣਗੇ। ਡਾਊਨਿੰਗ ਸਟ੍ਰੀਟ ਦੇ ਅਨੁਸਾਰ ਜਾਨਸਨ ਆਪਣੀ ਭਾਰਤ ਫੇਰੀ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ "ਡੂੰਘਾਈ ਨਾਲ ਗੱਲਬਾਤ" ਕਰਨਗੇ। ਜਾਨਸਨ ਦੀ ਪਹਿਲੀ ਭਾਰਤ ਯਾਤਰਾ 21 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਸ਼ੁਰੂ ਹੋਵੇਗੀ, ਜੋ ਪ੍ਰਧਾਨ ਮੰਤਰੀ ਮੋਦੀ ਦਾ ਗ੍ਰਹਿ ਰਾਜ ਹੈ। ਡਾਊਨਿੰਗ ਸਟ੍ਰੀਟ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਦੌਰਾਨ ਭਾਰਤ ਅਤੇ ਬ੍ਰਿਟੇਨ ਦੋਵਾਂ ਦੇ ਪ੍ਰਮੁੱਖ ਉਦਯੋਗਾਂ 'ਚ ਨਿਵੇਸ਼ ਦੀਆਂ ਘੋਸ਼ਣਾਵਾਂ ਹੋਣਗੀਆਂ।
ਬਿਆਨ ਦੇ ਅਨੁਸਾਰ ਜਾਨਸਨ ਫਿਰ 22 ਅਪ੍ਰੈਲ ਨੂੰ ਮੋਦੀ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋਣਗੇ, ਜਿੱਥੇ ਦੋਵੇਂ ਨੇਤਾ ਭਾਰਤ-ਯੂਕੇ ਦਰਮਿਆਨ ਰਣਨੀਤਕ ਰੱਖਿਆ, ਕੂਟਨੀਤਕ ਅਤੇ ਆਰਥਿਕ ਸਾਂਝੇਦਾਰੀ 'ਤੇ ਡੂੰਘਾਈ ਨਾਲ ਗੱਲਬਾਤ ਕਰਨਗੇ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਮੁਤਾਬਕ ਜਾਨਸਨ ਆਪਣੀ ਯਾਤਰਾ ਦੌਰਾਨ ਭਾਰਤ ਅਤੇ ਬ੍ਰਿਟੇਨ ਵਿਚਾਲੇ ਸਾਲ ਦੀ ਸ਼ੁਰੂਆਤ 'ਚ ਸ਼ੁਰੂ ਹੋਈ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਵਾਰਤਾ 'ਚ ਪ੍ਰਗਤੀ ਲਈ ਚਰਚਾ ਕਰਨਗੇ। ਜਾਨਸਨ ਨੇ ਕਿਹਾ ਕਿ ਮੇਰੀ ਭਾਰਤ ਫੇਰੀ ਉਨ੍ਹਾਂ ਚੀਜ਼ਾਂ ਨੂੰ ਪੂਰਾ ਕਰੇਗੀ ਜੋ ਅਸਲ ਵਿੱਚ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਮਹੱਤਵਪੂਰਨ ਹਨ। ਇਨ੍ਹਾਂ ਵਿੱਚ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਤੋਂ ਲੈ ਕੇ ਊਰਜਾ ਸੁਰੱਖਿਆ ਅਤੇ ਰੱਖਿਆ ਤੱਕ ਦੇ ਮੁੱਦੇ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਅਸੀਂ ਤਾਨਾਸ਼ਾਹ ਦੇਸ਼ਾਂ ਤੋਂ ਆਪਣੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ, ਇਸ ਲਈ ਇਹ ਮਹੱਤਵਪੂਰਨ ਹੈ ਕਿ ਲੋਕਤੰਤਰੀ ਅਤੇ ਦੋਸਤਾਨਾ ਦੇਸ਼ ਇਕਜੁੱਟ ਰਹਿਣ।
  ਖਾਸ ਖਬਰਾਂ