View Details << Back

ਪੰਜ ਪਿਆਰਿਆਂ ਨੇ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਤਨਖ਼ਾਹੀਆ ਐਲਾਨਿਆ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਕੀਤੀ ਭੰਗ

  ਪਟਨਾ ਸਿਟੀ : ਬਿਹਾਰ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਐਤਵਾਰ ਨੂੰ ਬੈਠਕ ਕਰ ਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ। ਬੈਠਕ ਦੌਰਾਨ ਪੰਜ ਪਿਆਰਿਆਂ ’ਚ ਜੱਥੇਦਾਰ ਗਿਆਨੀ ਬਲਦੇਵ ਸਿੰਘ, ਵਧੀਕ ਮੁੱਖ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ, ਪਰਸ਼ੂਰਾਮ ਸਿੰਘ ਤੇ ਅਮਰਜੀਤ ਸਿੰਘ ਸਨ।

ਜੱਥੇਦਾਰ ਸਹਿ ਮੁੱਖ ਗ੍ਰੰਥੀ ਗਿਆਨੀ ਬਲਦੇਵ ਸਿੰਘ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਦੋ ਅਪ੍ਰੈਲ ਨੂੰ ਸਕੱਤਰ ਨੇ ਪੰਜ ਪਿਆਰਿਆਂ ਨੂੰ ਲਿਖਤੀ ਤੌਰ ’ਤੇ ਸਪਸ਼ਟੀਕਰਨ ਦਿੱਤਾ ਸੀ ਕਿ ਸਾਲ 2023 ’ਚ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀ ਸੇਵਾ ਜਾਰੀ ਰੱਖਣ ਨਾਲ ਸਬੰਧਤ ਸੋਸ਼ਲ ਮੀਡੀਆ ’ਤੇ ਪ੍ਰਸਾਰਤ ਪੱਤਰ ਗ਼ਲਤ, ਝੂਠ ਤੇ ਫ਼ਰਜ਼ੀ ਹੈ। ਇਸ ਬਾਰੇ ਪੰਜ ਪਿਆਰਿਆਂ ਨੇ ਕਿਹਾ ਕਿ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਪੱਤਰਕਾਰ ਸੰਮੇਲਨ ’ਚ ਸਕੱਤਰ ਦੇ ਉਸੇ ਪੱਤਰ ਨੂੰ ਆਧਾਰ ਦੱਸ ਕੇ ਪ੍ਰਬੰਧਕ ਕਮੇਟੀ ’ਤੇ ਅਦਾਲਤ ’ਚ ਮੁਕੱਦਮਾ ਦਰਜ ਕਰਵਾਇਆ ਹੈ। ਪੰਜ ਪਿਆਰਿਆਂ ਨੇ ਮੰਨਿਆ ਕਿ ਜਾਰੀ ਪੱਤਰ ’ਚ ਸਕੱਤਰ ਹਰਬੰਸ ਸਿੰਘ ਦੇ ਹੀ ਦਸਤਖ਼ਤ ਹਨ, ਉਹ ਮੁੱਕਰ ਨਹੀਂ ਸਕਦੇ। ਸਕੱਤਰ ਨੇ ਪੰਜ ਪਿਆਰਿਆਂ ਨਾਲ ਵੀ ਝੂਠ ਬੋਲਿਆ ਹੈ। ਇਸ ਮਾਮਲੇ ’ਚ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਲਿਖਤੀ ਸ਼ਿਕਾਇਤ ਮਿਲੀ ਹੈ। ਪੰਜ ਪਿਆਰਿਆਂ ਨੇ ਐਤਵਾਰ ਨੂੰ ਦਿੱਤੇ ਗਏ ਫ਼ੈਸਲੇ ’ਚ ਕਿਹਾ ਕਿ ਸਕੱਤਰ ਵਾਰ-ਵਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਭੰਗ ਕਰਦੇ ਹਨ। ਇਸ ਕਾਰਨ ਸਕੱਤਰ ਹਰਬੰਸ ਸਿੰਘ ਨੂੰ ਤਨਖ਼ਾਹੀਆ ਐਲਾਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਿੱਖਾਂ ’ਚ ਪੰਥ ਖ਼ਿਲਾਫ਼ ਕੰਮ ਕਰਨ ਵਾਲੇ ਨੂੰ ਤਨਖ਼ਾਹੀਆ ਐਲਾਨਿਆ ਜਾਂਦਾ ਹੈ। ਬਾਅਦ ’ਚ ਉਨ੍ਹਾਂ ਨੂੰ ਸਜ਼ਾ ਦਿੱਤੇ ਜਾਣ ਦੀ ਵੀ ਤਜਵੀਜ਼ ਹੈ।
  ਖਾਸ ਖਬਰਾਂ