View Details << Back    

ਮਮਦਾਨੀ ਨੂੰ ਮੇਰੇ ਨਾਲ ਚੰਗਾ ਬਣ ਕੇ ਰਹਿਣਾ ਚਾਹੀਦੈ: ਟਰੰਪ

  
  
Share
  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਦੇ ਜਿੱਤ ਦੇ ਭਾਸ਼ਣ ਨੂੰ ‘ਬਹੁਤ ਗੁੱਸੇ ਨਾਲ ਭਰਿਆ’ ਭਾਸ਼ਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਸ਼ੁਰੂਆਤ ਮਾੜੀ ਹੈ ਅਤੇ ਜੇ ਉਹ ਵਾਸ਼ਿੰਗਟਨ ਦਾ ਸਤਿਕਾਰ ਨਹੀਂ ਕਰਦਾ ਤਾਂ ਉਸ ਦੇ ਸਫਲ ਹੋਣ ਦਾ ਕੋਈ ਮੌਕਾ ਨਹੀਂ। ਬੁੱਧਵਾਰ ਨੂੰ ਮਿਆਮੀ ਵਿੱਚ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਜਦੋਂ ਮਮਦਾਨੀ ਦੇ ਜਿੱਤ ਦੇ ਭਾਸ਼ਣ ਬਾਰੇ ਪੁੱਛਿਆ ਗਿਆ, ਤਾਂ ਟਰੰਪ ਨੇ ਕਿਹਾ, “ਹਾਂ, ਮੈਂ ਸੋਚਿਆ ਕਿ ਇਹ ਬਹੁਤ ਗੁੱਸੇ ਭਰਿਆ ਭਾਸ਼ਣ ਸੀ, ਯਕੀਨਨ ਮੇਰੇ ਪ੍ਰਤੀ ਗੁੱਸੇ ਵਾਲਾ ਅਤੇ ਮੇਰਾ ਖਿਆਲ ਹੈ ਕਿ ਉਸ ਨੂੰ ਮੇਰੇ ਨਾਲ ਬਹੁਤ ਚੰਗਾ ਰਹਿਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ, ਮੈਂ ਉਹ ਹਾਂ ਜਿਸਨੂੰ ਉਸ ਤੱਕ ਆਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਦੇਣੀ ਪੈਂਦੀ ਹੈ। ਇਸ ਲਈ ਉਸਦੀ ਸ਼ੁਰੂਆਤ ਮਾੜੀ ਹੋਈ ਹੈ।” ਆਪਣੇ ਜੋਸ਼ੀਲੇ ਭਾਸ਼ਣ ਵਿੱਚ, ਮਮਦਾਨੀ ਨੇ ਟਰੰਪ ਨੂੰ ਚੁਣੌਤੀ ਦਿੱਤੀ ਅਤੇ “ਸਿਆਸੀ ਰਾਜਵੰਸ਼” ਦੇ ਢਹਿ ਢੇਰੀ ਹੋਣ ਦਾ ਐਲਾਨ ਕੀਤਾ। ਟਰੰਪ ਵੱਲੋਂ ਇਮੀਗ੍ਰੇਸ਼ਨ ’ਤੇ ਸਖ਼ਤੀ ਦੇ ਵਿਚਕਾਰ ਮਮਦਾਨੀ ਨੇ ਕਿਹਾ ਕਿ ਨਿਊਯਾਰਕ ਪਰਵਾਸੀਆਂ ਰਾਹੀਂ ਸ਼ਕਤੀ ਪ੍ਰਾਪਤ ਕਰੇਗਾ ਅਤੇ ਉਸ ਦੀ ਇਤਿਹਾਸਕ ਜਿੱਤ ਤੋਂ ਬਾਅਦ ਇਸਦੀ ਅਗਵਾਈ ਇੱਕ ਪਰਵਾਸੀ ਵੱਲੋਂ ਕੀਤੀ ਜਾਵੇਗੀ। ਮਮਦਾਨੀ ਨੇ ਜ਼ੋਰਦਾਰ ਤਾੜੀਆਂ ਦੀ ਗੂੰਜ ਵਿੱਚ ਕਿਹਾ, “ਆਖਰਕਾਰ, ਜੇ ਕੋਈ ਕੌਮ ਨੂੰ ਡੋਨਲਡ ਟਰੰਪ ਨੂੰ ਹਰਾਉਣਾ ਸਿਖਾ ਸਕਦਾ ਹੈ, ਤਾਂ ਇਹ ਉਹ ਸ਼ਹਿਰ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ ਅਤੇ ਜੇਕਰ ਕਿਸੇ ਜ਼ਾਲਮ ਨੂੰ ਡਰਾਉਣ ਦਾ ਕੋਈ ਤਰੀਕਾ ਹੈ, ਤਾਂ ਉਹ ਉਨ੍ਹਾਂ ਹਾਲਾਤਾਂ ਨੂੰ ਖਤਮ ਕਰਨਾ ਹੈ ਜਿਨ੍ਹਾਂ ਨੇ ਉਸਨੂੰ ਸ਼ਕਤੀ ਇਕੱਠੀ ਕਰਨ ਦੀ ਇਜਾਜ਼ਤ ਦਿੱਤੀ।” ਮਮਦਾਨੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ, ‘‘ਡੋਨਲਡ ਟਰੰਪ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਦੇਖ ਰਹੇ ਹੋ, ਮੇਰੇ ਕੋਲ ਤੁਹਾਡੇ ਲਈ ਚਾਰ ਸ਼ਬਦ ਹਨ: ਆਵਾਜ਼ ਉੱਚੀ ਕਰ ਲਓ’’ ਅਤੇ ਕਈ ਟਿੱਪਣੀਆਂ ਕੀਤੀਆਂ। ਜਦੋਂ ਟਰੰਪ ਨੂੰ ਮਮਦਾਨੀ ਦੇ ਤਿੱਖੇ ਹਮਲੇ ਦਾ ਜਵਾਬ ਦੇਣ ਲਈ ਕਿਹਾ ਗਿਆ, ਤਾਂ ਟਰੰਪ ਨੇ ਕਿਹਾ ਕਿ ਇਹ “ਅਸਲ ਵਿੱਚ ਉਸਦੇ ਲਈ ਇੱਕ ਬਹੁਤ ਖ਼ਤਰਨਾਕ ਬਿਆਨ” ਹੈ।
  LATEST UPDATES