View Details << Back    

ਅਮਰੀਕਾ ’ਚ ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਨਫ਼ਰਤੀ ਅਪਰਾਧ ਦਾ ਵੱਡਾ ਸ਼ਿਕਾਰ, ਸੰਘੀ ਜਾਂਚ ਬਿਊਰੋ ਨੇ ਰਾਸ਼ਟਰ ਪੱਧਰੀ ਘਟਨਾਵਾਂ ਦੀ ਸਾਲਾਨਾ ਰਿਪੋਰਟ ’ਚ ਜਾਰੀ ਕੀਤਾ ਅੰਕੜਾ

  
  
Share
  ਵਾਸ਼ਿੰਗਟਨ : ਅਮਰੀਕਾ ’ਚ 2021 ’ਚ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਯਹੂਦੀ ਤੇ ਸਿੱਖ ਭਾਈਚਾਰੇ ਦੇ ਲੋਕ ਹੋ ਰਹੇ। ਸੰਘੀ ਜਾਂਚ ਬਿਊਰੋ (ਐੱਫਬੀਆਈ) ਵੱਲੋਂ ਰਾਸ਼ਟਰ ਪੱਧਰੀ ਘਟਨਾਵਾਂ ਦੇ ਸਾਲਾਨਾ ਸੰਗ੍ਰਹਿ ਮੁਤਾਬਕ ਇਹ ਅੰਕੜਾ ਜਾਰੀ ਕੀਤਾ ਗਿਆ ਹੈ। ਐੱਫਬੀਆਈ ਨੇ ਦੱਸਿਆ ਕਿ 2021 ’ਚ ਧਰਮ ਨਾਲ ਸਬੰਧਤ ਕੁਲ 1,005 ਨਫ਼ਰਤੀ ਅਪਰਾਧ ਦਰਜ ਕੀਤੇ ਗਏ। ਧਰਮ ਅਧਾਰਤ ਅਪਰਾਧਾਂ ਦੀਆਂ ਸਭ ਤੋਂ ਵੱਡੀ ਸ਼੍ਰੇਣੀਆਂ ’ਚ ਯਹੂਦੀ ਵਿਰੋਧੀ ਘਟਨਾਵਾਂ 31.9 ਫ਼ੀਸਦੀ ਤੇ ਸਿੱਖ ਵਿਰੋਧੀ ਘਟਨਾਵਾਂ 21.3 ਫ਼ੀਸਦੀ ਰਹੀਆਂ। ਇਸ ਤੋਂ ਇਲਾਵਾ 9.5 ਫ਼ੀਸਦੀ ਘਟਨਾਵਾਂ ਮੁਸਲਮਾਨ ਵਿਰੋਧੀ ਸਨ। ਕੈਥੋਲਿਕ ਵਿਰੋਧੀ ਘਟਨਾਵਾਂ ’ਚ 6.1 ਫ਼ੀਸਦੀ ਘਟਨਾਵਾਂ ਤੇ ਐਂਟੀ-ਈਸਟਰਨ ਆਰਥੋਡਾਕਸ (ਰੂਸੀ, ਗ੍ਰੀਕ ਤੇ ਹੋਰ) ਵਿਰੋਧੀ 6.5 ਫ਼ੀਸਦੀ ਘਟਨਾਵਾਂ ਰਹੀਆਂ। ਐੱਫਬੀਆਈ ਨੇ ਕਿਹਾ ਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ 2021 ’ਚ ਕੁਲ 7,262 ਘਟਨਾਵਾਂ ਦਰਜ ਕੀਤੀਆਂ ਜਿਨ੍ਹਾਂ ’ਚ 9,024 ਪੀੜਤ ਸਨ। ਇਸ ਦੇ ਨਾਲ ਹੀ ਐੱਫਬੀਆਈ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਕਿਸੇ ਹੋਰ ਸਾਲ ਨਾਲ ਤੁਲਨਾ ਭਰੋਸੇਯੋਗ ਤੌਰ ’ਤੇ ਕਰਨਾ ਸੰਭਵ ਨਹੀਂ ਹੈ, ਕਿਉਂਕਿ ਰਿਪੋਰਟ ਕਰਨ ਵਾਲੀਆਂ ਏਜੰਸੀਆਂ ਦੀ ਗਿਣਤੀ 2021 ’ਚ 15,138 ਤੋਂ ਘਟ ਕੇ 11,834 ਹੋ ਗਈ।
  LATEST UPDATES