View Details << Back    

ਚੀਨ ਦੀ ਚਿਤਾਵਨੀ ਦੇ ਬਾਵਜੂਦ ਤਾਈਵਾਨ ਪੁੱਜੀ ਨੈਂਸੀ ਪੇਲੋਸੀ

  
  
Share
  ਤਾਈਪੇ-ਅਮਰੀਕੀ ਸੰਸਦ ਦੀ ਸਪੀਕਰ ਨੈਂਸੀ ਪੇਲੋਸੀ ਮੰਗਲਵਾਰ ਅਜਿਹੇ ਸਮੇਂ ਤਾਈਵਾਨ ਪੁੱਜੀ, ਜਦੋਂ ਚੀਨ ਨੇ ਇਸ ਦੌਰੇ ਦੇ ਸੰਬੰਧ ਵਿਚ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੋਈ ਸੀ | ਪੇਲੋਸੀ ਦੇ ਪੁੱਜਣ ਦੇ ਤੁਰੰਤ ਬਾਅਦ ਚੀਨ ਨੇ ਐਲਾਨ ਕੀਤਾ ਕਿ ਉਹ ਨੈਂਸੀ ਪੇਲੋਸੀ ਦੇ ਆਉਣ ਦੀ ਜਵਾਬੀ ਕਾਰਵਾਈ ਤਹਿਤ ਸੈਨਿਕ ਅਭਿਆਸ ਕਰੇਗਾ | ਦੱਸਣਯੋਗ ਹੈ ਕਿ ਚੀਨ ਮਾਓਸੇ ਤੁੰਗ ਦੇ ਸਮੇਂ ਤੋਂ ਤਾਈਵਾਨ ਨੂੰ ਆਪਣਾ ਹਿੱਸਾ ਆਖ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਬਲ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਵੀ ਕੀਤਾ ਜਾਵੇਗਾ | ਚੀਨ ਵਲੋਂ ਦਿੱਤੀ ਚਿਤਾਵਨੀ ਕਾਰਨ ਪੇਲੋਸੀ ਦੇ ਇਸ ਦੌਰੇ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਨੂੰ ਹੋਰ ਵਧਾ ਦਿੱਤਾ ਹੈ | ਪੇਲੋਸੀ ਪਿਛਲੇ 25 ਸਾਲਾਂ ਦੌਰਾਨ ਤਾਈਵਾਨ ਦਾ ਦੌਰਾ ਕਰਨ ਵਾਲੀ ਅਮਰੀਕਾ ਦੀ ਸਰਬਉੱਚ ਅਧਿਕਾਰੀ ਬਣ ਗਈ ਹੈ | ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਵਲੋਂ 'ਤਾਈਵਾਨ ਦੇ ਮੁੱਦੇ 'ਤੇ ਵਿਸ਼ਵਾਸਘਾਤ' ਸਾਡੀ ਰਾਸ਼ਟਰੀ ਭਰੋਸੇਯੋਗਤਾ ਨੂੰ ਨਸ਼ਟ ਕਰ ਰਿਹਾ ਹੈ | ਉਸ ਨੇ ਕਿਹਾ ਕਿ ਕੁਝ ਅਮਰੀਕੀ ਤਾਈਵਾਨ ਦੇ ਮੁੱਦੇ 'ਤੇ ਅੱਗ ਨਾਲ ਖੇਡ ਰਹੇ ਹਨ | ਚੀਨ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਕਿਹਾ ਕਿ ਪੇਲੋਸੀ ਦੇ ਦੌਰੇ ਕਾਰਨ ਖੇਤਰ ਵਿਚ ਜਿੱਥੇ ਅਸ਼ਾਂਤੀ ਫੈਲੇਗੀ, ਉੱਥੇ ਆਪਸੀ ਸੰਬੰਧਾਂ 'ਤੇ ਗੰਭੀਰ ਅਸਰ ਪਵੇਗਾ | ਇਸ ਦੌਰਾਨ ਚੀਨ ਦੇ ਅਧਿਕਾਰਤ ਮੀਡੀਆ ਨੇ ਮੰਗਲਵਾਰ ਨੂੰ ਖ਼ਬਰ ਦਿੱਤੀ ਕਿ ਦੇਸ਼ ਦੀ ਹਵਾਈ ਅਤੇ ਥਲ ਸੈਨਾ ਤਾਈਵਾਨ ਦੇ ਉਸ ਇਲਾਕੇ ਵੱਲ ਵਧ ਰਹੀ ਹੈ, ਜੋ ਚੀਨ ਦੇ ਜ਼ਮੀਨ ਨੂੰ ਤਾਈਵਾਨ ਤੋਂ ਅਲੱਗ ਕਰਦਾ ਹੈ | ਜਿਵੇਂ ਹੀ ਤਾਈਵਾਨ ਮੀਡੀਆ ਨੇ ਪੇਲੋਸੀ ਦੇ ਪੁੱਜਣ ਦੀ ਜਾਣਕਾਰੀ ਦਿੱਤੀ, ਉਸੇ ਸਮੇਂ ਚੀਨ ਦੇ ਅਧਿਕਾਰਤ ਮੀਡੀਆ ਨੇ ਵੱਡੀ ਗਿਣਤੀ ਵਿਚ ਸੈਨਾ ਦੇ ਤਾਈਵਾਨ ਵੱਲ ਵਧਣ ਦੀ ਜਾਣਕਾਰੀ ਦਿੱਤੀ | ਪੇਲੋਸੀ ਦੇ ਤਾਈਵਾਨ ਪੁੱਜਣ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਵਲੋਂ ਇਕ ਸਖ਼ਤ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਚੀਨ ਦੀ ਸਿਧਾਂਤ ਖ਼ਿਲਾਫ਼ ਹੈ | ਬਿਆਨ ਵਿਚ ਇਕ ਵਾਰ ਫਿਰ ਦੁਹਰਾਇਆ ਗਿਆ ਹੈ ਕਿ ਤਾਈਵਾਨ ਚੀਨ ਦਾ ਇਕ ਅਟੁੱਟ ਅੰਗ ਹੈ | ਤਾਈਵਾਨ ਪੁੱਜਣ ਤੋਂ ਪਹਿਲਾਂ ਪੇਲੋਸੀ ਦਾ ਜਹਾਜ਼ ਪਹਿਲਾਂ ਮਲੇਸ਼ੀਆ ਵਿਖੇ ਥੋੜੇ੍ਹ ਸਮੇਂ ਲਈ ਰੁਕਿਆ ਸੀ | ਪੇਲੋਸੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ | ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਪੇਲੋਸੀ ਦੀ ਯਾਤਰਾ ਦੌਰਾਨ ਅਮਰੀਕੀ ਸੈਨਾ ਹਿੰਦ ਪ੍ਰਸ਼ਾਂਤ ਖੇਤਰ 'ਚ ਆਪਣੀਆਂ ਸਰਗਰਗਮੀਆਂ ਵਧਾਏਗੀ | ਇਹ ਦੌਰਾ ਇਸ ਲਈ ਵੀ ਕਾਫੀ ਅਹਿਮ ਹੈ ਕਿ ਚੀਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਾਡੀ ਸੈਨਾ ਚੁੱਪ ਨਹੀਂ ਬੈਠੇਗੀ | ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਅਤੇ ਤਾਈਵਾਨ ਨੇ ਮਿਲੀਭੁਗਤ ਕਰਕੇ ਪਹਿਲਾਂ ਉਕਸਾਵੇ ਦੀ ਕਾਰਵਾਈ ਕੀਤੀ ਹੈ ਅਤੇ ਚੀਨ ਨੂੰ ਆਤਮ ਰੱਖਿਆ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ | ਕੁਝ ਹੈਕਰਾਂ ਵਲੋਂ ਤਾਈਵਾਨ ਦੇ ਰਾਸ਼ਟਰਪਤੀ ਦਫ਼ਤਰ ਦੀ ਵੈਬਸਾਈਟ 'ਤੇ ਸਾਈਬਰ ਅਟੈਕ ਕਰਕੇ ਇਸ ਨੂੰ ਥੋੜੇ ਸਮੇਂ ਲਈ ਅਣਉਪਲੱਬਧ ਕਰ ਦਿੱਤਾ, ਜਿਸ ਨੂੰ ਬਾਅਦ ਵਿਚ ਠੀਕ ਕਰ ਲਿਆ ਗਿਆ |
  LATEST UPDATES